ਚੰਡੀਗੜ੍ਹ 12,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕੋਰੋਨਾ ਵਾਇਰਸ ਦਾ ਖਤਰਨਾਕ ਵੇਰੀਐਂਟ ਓਮੀਕ੍ਰੋਨ ਚੰਡੀਗੜ੍ਹ ਪਹੁੰਚ ਗਿਆ ਹੈ। ਇੱਕ 20 ਸਾਲਾ ਨੌਜਵਾਨ ਓਮੀਕ੍ਰੋਨ ਪਾਇਆ ਗਿਆ ਹੈ। ਉਹ ਇਟਲੀ ਤੋਂ ਭਾਰਤ ਆਇਆ ਸੀ। ਉਹ ਚੰਡੀਗੜ੍ਹ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਉਸ ਦਾ ਓਮੀਕ੍ਰੋਨ ਟੈਸਟ ਪੌਜ਼ੇਟਿਵ ਆਇਆ ਹੈ। ਅਹਿਮ ਗੱਲ ਹੈ ਕਿ ਉਸ ਨੇ ਫਾਈਜ਼ਰ ਦੀ ਵੈਕਸੀਨੇਸ਼ਨ ਕਰਵਾਈ ਹੋਈ ਸੀ। ਉਹ 1 ਦਸੰਬਰ ਨੂੰ ਕੋਵਿਡ ਪੌਜੇਟਿਵ ਪਾਇਆ ਗਿਆ ਸੀ। ਦੁਬਾਰਾ ਟੈਸਟ ਕਰਨ ‘ਤੇ 11 ਦਸੰਬਰ ਦੀ ਰਾਤ ਉਸ ਦੀ ਓਮੀਕ੍ਰੋਨ ਰਿਪੋਰਟ ਪੌਜ਼ੇਟਿਵ ਆਈ ਹੈ।
ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 7 ਹਜ਼ਾਰ 774 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 306 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 33 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਹੁਣ ਤੱਕ 4 ਲੱਖ 75 ਹਜ਼ਾਰ 434 ਦੀ ਮੌਤ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 92 ਹਜ਼ਾਰ 281 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 75 ਹਜ਼ਾਰ 434 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 8464 ਰਿਕਵਰੀ ਹੋਈ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 41 ਲੱਖ 22 ਹਜ਼ਾਰ 795 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।