ਚੰਡੀਗੜ੍ਹ ਵਿੱਚ ਅੱਜ ਨਵਾਂ ਮੇਅਰ ਕੁਲਦੀਪ ਕੁਮਾਰ ਆਪਣਾ ਅਹੁਦਾ ਸਾਂਭ ਰਹੇ ਹਨ। ਸੁਪਰੀਮ ਕੋਰਟ ਦੀ ਦਖਲ ਤੋਂ ਬਾਅਦ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੇ ਇਹ ਚੋਣ ਜਿੱਤੀ ਸੀ। ਜਿਸ ਦੀ ਅੱਜ ਤਾਜਪੋਸ਼ੀ ਹੋਣ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਜਪੋਸ਼ੀ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ
ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਆਪਣੇ ਵਰਕਰਾਂ ਨੂੰ ਹੋਟਲ ਸ਼ਿਵਾਲਿਕ ਵਿਊ ਦੇ ਬਾਹਰ ਇਕੱਠੇ ਹੋਣ ਦਾ ਸੁਨੇਹਾ ਵੀ ਦਿੱਤਾ ਹੈ। ਉਥੋਂ ਕੁਲਦੀਪ ਕੁਮਾਰ ਵਰਕਰਾਂ ਸਮੇਤ ਨਗਰ ਨਿਗਮ ਦਫ਼ਤਰ ਜਾਣਗੇ।ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਕੁਲਦੀਪ ਕੁਮਾਰ ਦੀਆਂ 20 ਵੋਟਾਂ ਵਿਚੋ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਫਿਰ ਇਹ ਮਾਮਲਾ ਸੁਪਰੀਮ ਕੋਰਨ ਪਹੁੰਚ ਗਿਆ ਸੀ। ਪਰ ਇਨ੍ਹਾਂ 8 ਵੋਟਾਂ ਨੂੰ ਜਾਇਜ਼ ਮੰਨਦਿਆਂ ਸੁਪਰੀਮ ਕੋਰਟ ਨੇ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ। ਹੁਣ ਆਮ ਆਦਮੀ ਪਾਰਟੀ ਇਸ ਮੌਕੇ ਨੂੰ ਲੋਕਾਂ ਵਿੱਚ ਵੱਡਾ ਮੁੱਦਾ ਬਣਾਉਣਾ ਚਾਹੁੰਦੀ ਹੈ।ਦੂਜੇ ਪਾਸੇ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੀ ਕਾਂਗਰਸ ਤੇ ਆਪ ਨੇ ਗਠਜੋੜ ਕਰ ਲਿਆ ਹੈ।
ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨਹੀਂ ਲੜੇਗੀ। ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਲੜੇਗੀ। ਇਸ ਦਾ ਐਲਾਨ ਦੋਵੇਂ ਧਿਰਾਂ ਪਹਿਲਾਂ ਹੀ ਕਰ ਚੁੱਕੀਆਂ ਹਨ।ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਕੇ ਕੁਲਦੀਪ ਕੁਮਾਰ ਨੂੰ ਮੇਅਰ ਬਣਾਇਆ ਸੀ। ਬਦਲੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ। ਹੁਣ ਇੱਥੇ ਕਾਂਗਰਸੀ ਉਮੀਦਵਾਰ ਚੋਣ ਲੜਨਗੇ।