
ਚੰਡੀਗੜ੍ਹ 22,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਮੁਲਾਜ਼ਮਾਂ ਦੇ ਹੜਤਾਲ ਉੱਪਰ ਜਾਣ ਨਾਲ ਚੰਡੀਗੜ੍ਹ ਵਿੱਚ ਬਿਜਲੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਵਿੱਚ ਬਿਜਲੀ ਬਹਾਲ ਕਰਨ ਤੋਂ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਇਨਕਾਰ ਕਰ ਦਿੱਤਾ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੋਰ ਰਾਜਾਂ ਨੂੰ ਮਦਦ ਦੀ ਬੇਨਤੀ ਕੀਤੀ ਗਈ ਹੈ।
ਦੱਸ ਦਈਏ ਕਿ ਯੂਟੀ ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਕਾਮਿਆਂ ਨੇ ਤਿੰਨ ਦਿਨ ਦੀ ਹੜਤਾਲ ਕਰ ਦਿੱਤੀ ਹੈ। ਬਿਜਲੀ ਕਾਮਿਆਂ ਦੀ ਹੜਤਾਲ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਸੈਕਟਰਾਂ ਵਿੱਚ ਬੱਤੀ ਗੁੱਲ ਹੈ। ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਨਾ ਹੋਣ ਕਰਕੇ ਲੋਕਾਂ ਵਿੱਚ ਹਾ-ਹਾਕਾਰ ਮੱਚੀ ਹੈ।
ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਟ੍ਰੈਫਿਕ ਲਾਈਟਾਂ ਵੀ ਬੰਦ ਹਨ, ਜਿਸ ਕਰਕੇ ਸ਼ਹਿਰ ਚੰਡੀਗੜ੍ਹ ਵਿੱਚ ਵੀ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਕਾਮਿਆਂ ਦੀ ਹੜਤਾਲ 22 ਫਰਵਰੀ ਰਾਤ 12 ਵਜੇ ਸ਼ੁਰੂ ਹੋ ਗਈ ਸੀ।
ਉਧਰ, ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਦਾ ਸਮਰਥਨ ਕਰਨ ਦਾ ਫੈਸਲਾ ਕਰਦਿਆਂ ਕਿਹਾ ਹੈ ਕਿ ਉਹ ਚੰਡੀਗੜ੍ਹ ਵਿੱਚ ਬਿਜਲੀ ਬਹਾਲ ਕਰਨ ਵਿੱਚ ਯੂਟੀ ਪ੍ਰਸ਼ਾਸਨ ਦੀ ਮਦਦ ਨਹੀਂ ਕਰਨਗੇ। ਇਸ ਸਥਿਤੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੂਜੇ ਰਾਜਾਂ ਤੋਂ ਮਦਦ ਲੈਣੀ ਪਵੇਗੀ ਕਿਉਂਕਿ ਪੰਜਾਬ ਦੇ ਇੰਜਨੀਅਰਾਂ ਨੇ ਬਿਜਲੀ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ
