
ਚੰਡੀਗੜ੍ਹ 23,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਕਾਰਨ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ 36 ਘੰਟਿਆਂ ਤੋਂ ਬਿਜਲੀ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਪਾਣੀ ਦੀ ਵੀ ਘਾਟ ਹੈ। ਸੋਮਵਾਰ ਸ਼ਾਮ ਤੋਂ ਹਜ਼ਾਰਾਂ ਘਰਾਂ ਵਿੱਚ ਬਿਜਲੀ ਤੇ ਪਾਣੀ ਦੀ ਸਪਲਾਈ ਨਹੀਂ ਹੈ। ਇੱਥੋਂ ਤੱਕ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਟ੍ਰੈਫਿਕ ਲਾਈਟਾਂ ਵੀ ਕੰਮ ਨਹੀਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬਿਜਲੀ ਨਾ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਵੀ ਸਰਜਰੀਆਂ ਰੁਕ ਗਈਆਂ ਹਨ।
ਚੰਡੀਗੜ੍ਹ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, “ਸਾਡੇ ਕੋਲ ਜਨਰੇਟਰ ਹਨ ਪਰ ਤੁਸੀਂ ਹਸਪਤਾਲ ਦਾ 100 ਪ੍ਰਤੀਸ਼ਤ ਲੋਡ ਇੱਕ ਜਨਰੇਟਰ ‘ਤੇ ਨਹੀਂ ਪਾ ਸਕਦੇ। ਇਸ ਲਈ ਸਾਨੂੰ ਆਪਣੀ ਯੋਜਨਾਬੱਧ ਸਰਜਰੀ ਨੂੰ ਰੀ-ਸ਼ੈਡੀਉਲ ਕਰਨਾ ਪਿਆ ਜਾਂ ਮੁਲਤਵੀ ਕਰਨਾ ਪਿਆ।”
ਇਸ ਤੋਂ ਇਲਾਵਾ ਆਨਲਾਈਨ ਕਲਾਸਾਂ ਤੇ ਕੋਚਿੰਗ ਇੰਸਟੀਚਿਊਟ ਵੀ ਬੰਦ ਕਰ ਦਿੱਤੇ ਗਏ ਹਨ। ਬਿਜਲੀ ਨਾ ਹੋਣ ਕਾਰਨ ਵਿਦਿਆਰਥੀ ਪੜ੍ਹਾਈ ਵੀ ਨਹੀਂ ਕਰ ਪਾ ਰਹੇ। ਇਸ ਮਾਮਲੇ ‘ਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜਲੀ ਸਪਲਾਈ ਠੀਕ ਰੱਖਣ ਲਈ ਪੁਖਤਾ ਪ੍ਰਬੰਧ ਕਰ ਲਏ ਹਨ ਪਰ ਸ਼ਹਿਰ ਦੇ ਕਈ ਇਲਾਕਿਆਂ ਦੇ ਵਸਨੀਕਾਂ ਤੇ ਵਪਾਰੀਆਂ ਨੇ ਬਿਜਲੀ ਬੰਦ ਹੋਣ ਦੀ ਸ਼ਿਕਾਇਤ ਕੀਤੀ ਹੈ।
ਦਰਅਸਲ ਸੋਮਵਾਰ ਨੂੰ ਅਚਾਨਕ ਬਿਜਲੀ ਕਰਮਚਾਰੀ 72 ਘੰਟੇ ਲਈ ਹੜਤਾਲ ‘ਤੇ ਚਲੇ ਗਏ। ਬਿਜਲੀ ਕਾਮਿਆਂ ਦੀ ਇਹ ਹੜਤਾਲ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਦੀ ਫਾਈਲ ਕਲੀਅਰ ਕਰਨ ਤੇ ਬਿਜਲੀ ਦਾ ਕੰਮ ਪ੍ਰਾਈਵੇਟ ਕੰਪਨੀ ਐਮੀਨੈਂਟ ਨੂੰ ਦੇਣ ਵਿਰੁੱਧ ਹੈ। ਯੂਨੀਅਨ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਕੇ ਬਿਜਲੀ ਵਿਭਾਗ ਦਾ ਨਿੱਜੀਕਰਨ ਕੀਤਾ ਹੈ। ਮੁਲਾਜ਼ਮ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਆਨਲਾਈਨ ਕਲਾਸ ਤੇ ਵਰਕ ਫਰੌਮ ਹੌਮ ਪ੍ਰਭਾਵਿਤ
ਬਿਜਲੀ ਸਪਲਾਈ ਨਾ ਹੋਣ ਕਾਰਨ ਵਰਕ ਫਰੌਮ ਹੌਮ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਦਿਨ ਭਰ ਬਿਜਲੀ ਨਾ ਹੋਣ ਕਾਰਨ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਵੀ ਪ੍ਰਭਾਵਿਤ ਹੋਈਆਂ। ਇਨ੍ਹੀਂ ਦਿਨੀਂ ਯੂਨੀਵਰਸਿਟੀ ਤੇ ਕਾਲਜ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਬਿਜਲੀ ਗੁੱਲ ਹੋਣ ਕਾਰਨ ਪ੍ਰੀਖਿਆਵਾਂ ਵੀ ਪ੍ਰਭਾਵਿਤ ਹੋਈਆਂ।
ਹੁਣ 6 ਮਹੀਨੇ ਤੱਕ ਹੜਤਾਲ ਨਹੀਂ ਕਰ ਸਕਣਗੇ ਕਰਮਚਾਰੀ
ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਲਈ ਈਸਟ ਪੰਜਾਬ ਐਸਮਾ (ਜ਼ਰੂਰੀ ਸੇਵਾਵਾਂ ਮੇਨਟੇਨੈਂਸ ਐਕਟ) 1968 ਲਾਗੂ ਕਰ ਦਿੱਤਾ ਹੈ। ਇਸ ਤਹਿਤ ਬਿਜਲੀ ਵਿਭਾਗ ਦੇ ਮੁਲਾਜ਼ਮ ਛੇ ਮਹੀਨਿਆਂ ਤੱਕ ਹੜਤਾਲ ’ਤੇ ਨਹੀਂ ਜਾ ਸਕਣਗੇ।
