
ਚੰਡੀਗੜ੍ਹ: ਬੜਹੇੜੀ ਮਾਰਕੀਟ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਦੁਕਾਨਾਂ ਦੇ ਬਾਹਰ ਥਾਂ-ਥਾਂ ਥੁੱਕਣ ਲੱਗਾ। ਦੁਕਾਨਦਾਰਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਨੌਜਵਾਨ ਨਹੀਂ ਮੰਨਿਆ ਤੇ ਕਈ ਵਾਰ ਥੁੱਕਦਾ ਹੋਇਆ ਉਥੋਂ ਭੱਜਣ ਲਗਿਆ, ਪਰ ਸਫਾਈ ਕਰਮੀਆਂ ਦੀ ਮਦਦ ਨਾਲ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੈਕਟਰ 39 ਥਾਣੇ ਦੀ ਪੁਲਿਸ ਨੇ ਬਾਰੀ ਨਿਵਾਸੀ ਨਬੀ ਮੁਹੰਮਦ (19) ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਨੂੰ ਜੀਐਮਐਸਐਚ 16 ਦੀ ਟੀਮ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦਈਏ ਕਿ ਘਟਨਾ ਸ਼ੁੱਕਰਵਾਰ ਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨ ਨੂੰ ਵੀ ਖੰਘ-ਜ਼ੁਕਾਮ ਸੀ ਅਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਣ ‘ਤੇ 39 ਥਾਣਾ ਇੰਚਾਰਜ ਅਮਨਜੋਤ ਸਿੰਘ, ਏਐਸਆਈ ਸਤਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਪੁੱਛਗਿੱਛ ਵਿੱਚ ਨੌਜਵਾਨ ਨੇ ਆਪਣਾ ਨਾਂ ਨਬੀ ਮੁਹੰਮਦ ਦੱਸਿਆ। ਪੁਲਿਸ ਨੇ ਜੀਐਮਐਸਐਚ-16 ਟੀਮ ਨੂੰ ਸੂਚਿਤ ਕੀਤਾ ਅਤੇ ਮੁਲਜ਼ਮਾਂ ਨੂੰ ਡਾਕਟਰਾਂ ਦੇ ਹਵਾਲੇ ਕਰ ਦਿੱਤਾ। ਰਿਪੋਰਟ ਆਉਣ ਤੋਂ ਬਾਅਦ ਇਹ ਪਤਾ ਲੱਗ ਜਾਵੇਗਾ ਕਿ ਦੋਸ਼ੀ ਕੋਰੋਨਾਵਾਇਰਸ ਤੋਂ ਪੀੜਤ ਹੈ ਜਾਂ ਨਹੀਂ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਨਬੀ ਮੁਹੰਮਦ ਮੂਲ ਰੂਪ ਵਿੱਚ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਬੜਹੇੜੀ ‘ਚ ਫਲ ਵੇਚਣ ਦਾ ਕੰਮ ਕਰ ਰਿਹਾ ਸੀ। ਸੈਕਟਰ 39 ਥਾਣੇ ਦੀ ਮੁਲਜ਼ਮ ਨਬੀ ਖ਼ਿਲਾਫ਼ ਆਈਪੀਸੀ 269, 270 ਅਤੇ 271 ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਉਧਰ ਡਾਕਟਰ ਟੀਮ ਸਣੇ ਪੁਲਿਸ ਨਬੀ ਮੁਹੰਮਦ ਦੇ ਪਿਛੋਕੜ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਬੀ ਮੁਹੰਮਦ ਤਬਲੀਗੀ ਜਮਾਤ ‘ਚ ਸ਼ਾਮਲ ਹੋਇਆ ਸੀ ਜਾਂ ਨਹੀਂ।
