
ਚੰਡੀਗੜ੍ਹ ,2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਯੂਟੀ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋਨਾਂ ਦੀ ਸਾਂਝੀ ਰਾਜਧਾਨੀ ਹੈ ਪਰ ਹਰਿਆਣਾ ਵੱਖਰੀ ਰਾਜਧਾਨੀ ਦੀ ਮੰਗ ਕਰਦਾ ਆ ਰਿਹਾ ਹੈ। ਇਸ ਦੌਰਾਨ ਸੋਮਵਾਰ ਨੂੰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਚੰਡੀਗੜ੍ਹ ਤੇ ਹਾਈਕੋਰਟ ਨੂੰ ਲੈ ਕੇ ਪੰਜਾਬ ਅੱਗੇ ਇੱਕ ਆਫਰ ਰੱਖਿਆ ਹੈ।
ਉਪ ਮੁੱਖ ਮੰਤਰੀ ਚੌਟਾਲਾ ਦਾ ਕਹਿਣਾ ਹੈ ਕਿ ਜੇ ਪੰਜਾਬ ਚੰਡੀਗੜ੍ਹ ਤੇ ਹਾਈਕੋਰਟ ਤੇ ਆਪਣਾ ਹੱਕ ਛੱਡ ਦੇਵੇ ਤਾਂ ਹਰਿਆਣਾ ਵੀ ਇਸ ਤੇ ਵਿਚਾਰ ਕਰ ਸਕਦਾ ਹੈ ਪਰ ਜੇਕਰ ਇਕੱਲਾ ਹਰਿਆਣਾ ਇਸ ਤੇ ਹੱਕ ਛੱਡਦਾ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਦੋਨਾਂ ਰਾਜਾਂ ਨੂੰ ਆਪਣੀ ਵੱਖ ਵੱਖ ਰਾਜਧਾਨੀ ਬਣਾਉਣੀ ਚਾਹੀਦੀ ਹੈ ਤੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦੇਣਾ ਚਾਹੀਦਾ ਹੈ।
ਦੱਸ ਦੇਈਏ ਕਿ ਉੱਪ ਮੁੱਖ ਮੰਤਰੀ ਹਰਿਆਣਾ ਦੇ ਰੋਹਤਕ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸੀ। ਇਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਇਹ ਬਿਆਨ ਦਿੱਤੇ ਸੀ।
