ਚੰਡੀਗੜ 04,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਕੋਲ ਪੰਜਾਬ ਕਮਿਊਨੀਕੇਸ਼ਨ ਲਿਮਟਿਡ (ਪੀ.ਸੀ.ਐਲ.) ਮੋਹਾਲੀ ਦੀ ਇਮਾਰਤ ਵੇਚਣ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਚੀਮਾ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਆਦਰਸ਼ ਚੋਣ ਜਾਬਤੇ ਦੌਰਾਨ ਪੀ.ਸੀ.ਐਲ. ਦੀ ਇਮਾਰਤ ਵੇਚਣ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਬਣਦੀ ਯੋਗ ਕਾਰਵਾਈ ਕੀਤੀ ਜਾਵੇ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਕਮਿਊਨੀਕੇਸ਼ਨ ਲਿਮਟਿਡ (ਪੀ.ਸੀ.ਐਲ.) ਮੋਹਾਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਲਾਟ ਨੰਬਰ ਸੀ 134, ਇੰਡਸਟਰੀਅਲ ਏਰੀਆ ਫੇਜ਼ 8 ਮੋਹਾਲੀ ‘ਚ ਬਣੀ ਇਮਾਰਤ ਨੂੰ ਪੰਜਾਬ ਚੋਣਾ 2022 ਦੌਰਾਨ ਬਿਨਾਂ ਕਿਸੇ ਉਚਿਤ ਕਾਰਵਾਈ ਤੋਂ ਵੇਚ ਦਿੱਤਾ ਗਿਆ ਹੈ, ਜੋ ਸਰਕਾਰੀ ਨਿਯਮਾਂ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈ। ਉਨਾਂ ਦੱਸਿਆ ਕਿ ਪੰਜਾਬ ਕਮਿਊਨੀਕੇਸ਼ਨ ਇੰਪਲਾਈਜ਼ ਯੂਨੀਅਨ ਮੋਹਾਲੀ ਵੱਲੋਂ ਇਮਾਰਤ ਵੇਚਣ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਰਿਹਾ ਹੈ, ਇਸ ਲਈ ਇਮਾਰਤ ਵੇਚਣਾ ਮੁਲਾਜ਼ਮਾਂ ਅਤੇ ਸੂਬੇ ਦੇ ਲੋਕਾਂ ਨਾਲ ਵੱਡਾ ਧੋਖ਼ਾ ਹੈ।
ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਨੂੰ ਕੌਡੀਆਂ ਦੇ ਮੁੱਲ ਵੇਚਿਆ ਗਿਆ ਹੈ, ਪਰ ਆਮ ਆਦਮੀ ਪਾਰਟੀ ਮੁੱਢ ਤੋਂ ਸਰਕਾਰੀ ਜਾਇਦਾਦਾਂ ਵੇਚਣ ਦਾ ਸਖ਼ਤ ਵਿਰੋਧ ਕਰਦੀ ਆਈ ਹੈ। ਉਨਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਵੇਚੀਆਂ ਗਈਆਂ ਸਰਕਾਰੀ ਜਾਇਦਾਦਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ।