ਨਵੀਂ ਦਿੱਲੀ 11,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਟੀਕਾ ਸਰਟੀਫ਼ਿਕੇਟਸ ਤੋਂ ਪ੍ਰਧਾਨ ਮੰਤਰੀ (PM) ਦੀ ਤਸਵੀਰ ਹਟਾਉਣ ਲਈ ਚੋਣਾਂ ਵਾਲੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋ-ਵਿਨ ਮੰਚ ਉੱਤੇ ਫ਼ਿਲਟਰ ਦੀ ਵਰਤੋਂ ਕੀਤੀ ਹੈ। ਚੋਣ ਕਮਿਸ਼ਸਨ ਨੂੰ 9 ਮਾਰਚ ਨੂੰ ਲਿਖੀ ਚਿੱਠੀ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਤਕਨੀਕੀ ਉਪਾਵਾਂ ਨੂੰ ਤੇਜ਼ੀ ਨਾਲ ਲੱਭਿਆ ਗਿਆ ਹੈ।
ਚਾਰ ਰਾਜਾਂ ਆਸਾਮ, ਕੇਰਲ, ਤਾਮਿਲ ਨਾਡੂ, ਪੱਛਮੀ ਬੰਗਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਸਥਿਤ ਟੀਕਾਕਰਣ ਕੇਂਦਰਾਂ ਲਈ ਕੋਵਿਨ ’ਚ ‘ਜ਼ਰੂਰੀ ਫ਼ਿਲਟਰਾਂ’ ਦੀ ਵਰਤੋਂ ਕੀਤੀ ਗਈ ਹੈ। ਤ੍ਰਿਣਮੂਲ ਕਾਂਗਰਸ (TMC) ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਸਿਹਤ ਮੰਤਰਾਲੇ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਕਿਹਾ ਸੀ।
ਕਮਿਸ਼ਨ ਨੇ ਚੋਣਾਂ ਵਾਲੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕਾਂ ਨੂੰ ਦਿੱਤੇ ਗਏ ਕੋਵਿਡ-19 ਸਰਟੀਫ਼ਿਕੇਟਸ ਵਿੱਚ ਪ੍ਰਧਾਨ ਮੰਤਰੀ ਦੀ ਤਸਵੀਰ ਹਟਾਉਣ ਲਈ ਕੋਵਿਨ ਮੰਚ ਵਿੱਚ ਫ਼ਿਲਟਰਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਸੀ।
ਚੋਣ ਕਮਿਸ਼ਨ ਨੇ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 26 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ; ਜਿਸ ਤੋਂ ਬਾਅਦ ਆਸਾਮ, ਪੱਛਮੀ ਬੰਗਾਲ, ਤਾਮਿਲ ਨਾਡੂ, ਕੇਰਲ ਤੇ ਪੁੱਡੂਚੇਰੀ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।
ਟੀਐਮਸੀ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਸ਼ਿਕਾਇਤ ਕੀਤੀ ਸੀ ਕਿ ਕੋਵਿਡ-19 ਸਰਟੀਫ਼ਿਕੇਟਾਂ ਉੱਤੇ ਪ੍ਰਧਾਨ ਮੰਤਰੀ ਦੀ ਤਸਵੀਰ ਚੋਣ ਜ਼ਾਬਤੇ ਦੀ ਉਲੰਘਣਾ ਹੈ। ਉਨ੍ਹਾਂ ਟਵੀਟ ਕਰਦਿਆਂ ਆਖਿਆਸੀ ਕਿ ਚੋਣ-ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਪਰ PM ਮੋਦੀ ਦੀ ਤਸਵੀਰ ਹਾਲੇ ਵੀ ਕੋਵਿਡ-19 ਦੇ ਦਸਤਾਵੇਜ਼ਾਂ ਉੱਤੇ ਵਿਖਾਈ ਦੇ ਰਹੀ ਹੈ।