
05,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪਟਵਾਰੀ ਦੀਦਾਰ ਸਿੰਘ ਦੇ ਘਰੋਂ 33 ਰਜਿਸਟ੍ਰੀਆਂ ਅਤੇ 25 ਲੱਖ ਰੁਪਏ ਜਮ੍ਹਾਂ ਵਾਲੇ ਖਾਤਿਆਂ ਨੂੰ ਸੀਜ਼ ਕਰਨ ਦੀਆਂ ਖਬਰਾਂ ਨੂੰ ਪਰਿਵਾਰ ਨੇ ਝੂਠਾ ਕਰਾਰ ਦਿੰਦਿਆਂ ਇਸ ‘ਚ ਸਿਆਸੀ ਸਾਜਿਸ਼ ਹੋਣ ਦਾ ਦਾਅਵਾ ਕੀਤਾ ਹੈ। ਪਰਿਵਾਰ ਵੱਲੋਂ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ 2022 ਦੀਆਂ ਚੋਣਾਂ ਵਿੱਚ ਸਾਡੇ ਪਰਿਵਾਰ ਵੱਲੋਂ ਸਿਮਰਜੀਤ ਸਿੰਘ ਮਾਨ ਦਾ ਸਾਥ ਦੇਣ ਦੇ ਕਾਰਨ ਉਹਨਾਂ ਖਿਲਾਫ ਸਿਆਸੀ ਸਾਜਿਸ਼ ਰਚੀ ਗਈ ਹੈ। ਪਰਿਵਾਰ ਨੇ ਇਲਜ਼ਾਮ ਲਾਏ ਕਿ ਕੁਝ ‘ਆਪ’ ਵਰਕਰਾਂ ਨੇ ਵਿਜਿਲੈਂਸ ਵਿਭਾਗ ਨਾਲ ਮਿਲ ਕੇ ਸਾਜਿਸ਼ ਤਹਿਤ ਪਟਵਾਰੀ ਦੀਦਾਰ ਸਿੰਘ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ ।
ਵਾਇਰਲ ਵੀਡੀਓ ‘ਤੇ ਬੋਲਦਿਆਂ ਪਟਵਾਰੀ ਦੀਦਾਰ ਸਿੰਘ ਦੇ ਭਰਾ ਨੇ ਕਿਹਾ ਕਿ ਵੀਡੀਓ ‘ਚ ਨਾ ਤਾਂ ਪਟਵਾਰੀ ਦੀਦਾਰ ਸਿੰਘ ਮੌਜੂਦ ਹੈ ਨਾ ਤਾਂ ਉਹਨਾਂ ਬਾਰੇ ਕੋਈ ਗੱਲ ਹੀ ਹੋ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਇਸ ਬਰਾਮਦਗੀ ਦੇ ਵਿਰੋਧ ਪਟਵਾਰ ਯੂਨੀਅਨ ਹੜਤਾਲ ‘ਤੇ ਗਈ ਤਾਂ ਉਹਨਾਂ ਕੋਲ ਝੂਠੇ ਪਰਚੇ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ । 25 ਲੱਖ ਦੀ ਜਮ੍ਹਾਂ ਰਾਸ਼ੀ ‘ਤੇ ਬੋਲਦਿਆਂ ਦੀਦਾਰ ਸਿੰਘ ਦੇ ਭਰਾ ਨੇ ਕਿਹਾ ਦੀਦਾਰ ਸਿੰਘ ਪਟਵਾਰੀ ਹੈ ਚੰਨੀ ਦਾ ਭਤੀਜਾ ਨਹੀਂ ਅਤੇ ਇਹ ਉਸਦੀ ਅਨਪੜ੍ਹ ਮਾਂ ਨਾਲ ਜੁਆਇੰਟ ਅਕਾਊਂਟ ਹੈ ਅਤੇ 5 ਮਹੀਨੇ ਪਹਿਲਾਂ ਮਾਂ ਦੇ ਨਾਂ ‘ਤੇ ਇੱਕ ਪ੍ਰਾਪਰਟੀ ਵੇਚਣ ਤੋਂ ਬਾਅਦ ਜਮ੍ਹਾਂ ਕਰਵਾਏ ਗਏ ਸੀ। ਉਹਨਾਂ ਦਾਅਵਾ ਕੀਤਾ ਕਿ ਇਹ ਗੱਲਾਂ ਉਹ ਸਬੂਤਾਂ ਦੇ ਆਧਾਰ ‘ਤੇ ਕਰ ਰਹੇ ਹਨ ਅਤੇ ਇਸ ਨੂੰ ਉਹ ਕਿਸੇ ਵੀ ਅਦਾਲਤ ‘ਚ ਸਾਬਤ ਕਰ ਸਕਦੇ ਹਨ। ਬਚਿੱਤਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਉਹਨਾਂ ਵੱਲੋਂ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਜਾਵੇਗਾ।

ਪਰਿਵਾਰ ਨੇ ਸਰਕਾਰ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਵਿਜੀਲੈਂਸ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।
