
ਜਲੰਧਰ 06,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਜਲੰਧਰ ਦੇ ਪਿੰਡ ਚੀਮਾ ਖੁਰਦ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਪਿਲਾ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਨੂੰ ਗੁਰਾਇਆ ਦੇ ਸਰਕਾਰੀ ਫਿਰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਤਿੰਨਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਕੇਹਰ ਸਿੰਘ ਨੇ ਆਪਣੇ ਬੱਚਿਆਂ ਨੂੰ ਜ਼ਹਿਰੀਲੀ ਦਵਾਈ ਦਿੱਤੀ ਤਾਂ ਉਸ ਦੀ ਲੜਕੀ ਘਰੋਂ ਬਾਹਰ ਸੜਕ ‘ਤੇ ਚੀਕਦੀ ਹੋਈ ਆਈ। ਜਿਸ ਤੋਂ ਬਾਅਦ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ। ਲੋਕਾਂ ਵਲੋਂ ਉਨ੍ਹਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਸ ਨੇ ਇਹ ਕਦਮ ਆਪਣੀ ਪਤਨੀ ਨਾਲ ਤਕਰਾਰ ਕਾਰਨ ਚੁੱਕਿਆ ਹੈ।
ਮ੍ਰਿਤਕ ਦੀ ਪਛਾਣ ਕੇਹਰ ਸਿੰਘ ਵਜੋਂ ਹੋਈ ਹੈ। ਇਸ ਦੇ ਦੋ ਬੱਚੇ, ਇੱਕ 11 ਸਾਲਾ ਲੜਕੀ ਪ੍ਰਭਜੋਤ ਅਤੇ ਨੌ ਸਾਲਾ ਏਕਮ ਸੀ। ਪੁਲਿਸ ਮੁਤਾਬਕ ਉਸ ਦੀ ਪਤਨੀ ਨਾਲ ਤਕਰਾਰ ਹੋ ਗਈ ਸੀ, ਜਿਸ ਕਾਰਨ ਉਹ ਡੇਢ ਮਹੀਨੇ ਪਹਿਲਾਂ ਆਪਣੇ ਪੇਕੇ ਚਲੀ ਗਈ ਸੀ। ਕੇਹਰ ਸਿੰਘ ਇਕ ਦਿਨ ਉਸ ਨੂੰ ਲੈਣ ਲਈ ਸਹੁਰੇ ਪਿੰਡ ਵੀ ਗਿਆ ਸੀ। ਪਰ ਪਤਨੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਕੇਹਰ ਸਿੰਘ ਪਰੇਸ਼ਾਨ ਰਹਿਣ ਲੱਗਾ ਅਤੇ ਸ਼ੁੱਕਰਵਾਰ ਨੂੰ ਉਸ ਨੇ ਇਕ ਭਿਆਨਕ ਕਦਮ ਚੁੱਕਿਆ।
