ਪਿਛਲੇ ਦਿਨੀਂ ਭਾਰਤ ਚੀਨ ਸਰਹੱਦ ‘ਤੇ ਵਧੇ ਤਣਾਅ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਦੌਰਾਨ ਚੀਨ ਨੇ ਸਾਡੇ ਕੁਝ ਫੌਜੀ ਜਵਾਨ ਬੰਧਕ ਬਣਾ ਲਏ ਅਤੇ ਕੁਝ ਜਵਾਨ ਇਸ ਵਿਚਕਾਰ ਸ਼ਹੀਦ ਵੀ ਹੋ ਗਏ। ਇਨਾ ਜਵਾਨਾ ਦੀ ਸ਼ਹੀਦੀ ਦੀ ਖਬਰ ਨੇ ਹਰ ਭਾਰਤੀ ਨਾਗਰਿਕ ਦਾ ਹਿਰਦਾ ਵਲੂੰਧਰਿਆ ਹੈ। ਹਰ ਪਾਸੇ ਚੀਨੀ ਸਾਜੋ ਸਮਾਨ ਦਾ ਬਹਿਸਕਾਰ ਕਰਨ ਦੀ ਮੰਗ ਉੱਠੀ ਹੈ। ਬਹੁਤ ਲੋਕ ਚੀਨੀ ਸਮਾਨ ਨੂੰ ਨਾ ਖਰੀਦਣ ਅਤੇ ਤੋੜਨ ਦੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਕਰ ਰਹੇ ਹਨ। ਅੱਜਕਲ ਸੋਸ਼ਲ ਮੀਡੀਆ ਦਾ ਜਮਾਨਾ ਹੈ, ਜਿਸ ਉੱਤੇ ਖਬਰਾਂ ਬੜੀ ਜਲਦੀ ਫੈਲਦੀਆਂ ਹਨ। ਭਾਵਨਾ ਵਿੱਚ ਬਹਿ ਕੇ ਕੁੱਝ ਲੋਕ ਚੀਨੀ ਸਮਾਨ ਦੀ ਤੋੜ ਫੋੜ ਵੀ ਕਰ ਰਹੇ ਹਨ। ਸਾਡਾ ਵਿਰੋਧ ਕਰਨਾ ਜਾਇਜ਼ ਹੈ ਪਰ ਇਸ ਤਰ੍ਹਾਂ ਸਮਾਨ ਦੀ ਤੋੜ ਫੋੜ ਕਰਨਾ ਜਾਂ ਖਰੀਦ ਰੋਕਣਾ ਮਹਿਜ਼ ਬੇਵਕੂਫੀ ਹੈ। ਕਿਉਂਕਿ ਜੋ ਚੀਨੀ ਸਮਾਨ ਅਸੀਂ ਤੋੜ ਰਹੇ ਹਾਂ ਉਹ ਪਹਿਲਾਂ ਹੀ ਚੀਨ ਤੋਂ ਆਯਾਤ ਕੀਤਾ ਜਾ ਚੁੱਕਾ ਹੈ ਭਾਵ ਖਰੀਦਿਆ ਜਾ ਚੁੱਕਿਆ ਹੈ। ਉਸ ਦੇ ਤੋੜਨ ਜਾਂ ਖਰੀਦਣ ਤੋਂ ਮਨਾਹੀ ਕਰਨ ਨਾਲ ਚੀਨੀ ਆਰਥਿਕਤਾ ਨੂੰ ਕੋਈ ਫਰਕ ਨਹੀ ਪੈਣ ਲੱਗਿਆ। ਇਸ ਨਾਲ ਤਾਂ ਸਗੋਂ ਉਹ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ ਜੋ ਇਸ ਸਮਾਨ ਤੇ ਆਪਣਾ ਪੈਸਾ ਲਾਈ ਬੈਠੇ ਹਨ। ਪਹਿਲਾਂ ਲੌਕਡਾਉਨ ਤੇ ਹੁਣ ਉਪਰੋਂ ਇਹ ਨੁਕਸਾਨ ਤਾਂ ਉਨਾਂ ਗਰੀਬ ਦੁਕਾਨਦਾਰਾਂ ਨੂੰ ਰੋਟੀ ਤੋਂ ਮੁਥਾਜ ਕਰ ਦੇਵੇਗਾ। ਹੁੱਲੜਬਾਜੀ ਮਚਾਉਣ ਦੀ ਥਾਂ ਸਾਨੂੰ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ। ਜੇਕਰ ਚੀਨੀ ਸਮਾਨ ਦਾ ਅਸਲ ਬਾਈਕਾਟ ਕਰਨਾ ਹੈ ਤਾਂ ਸਰਕਾਰ ‘ਤੇ ਚੀਨ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰਨ ਦਾ ਦਬਾਅ ਪਾਇਆ ਜਾਵੇ। ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਐਲਾਨ ਕਰਨ ਕਿ ਅੱਜ ਰਾਤ 12 ਵਜੇ ਤੋਂ ਬਾਅਦ ਭਾਰਤ ਚੀਨ ਨਾਲ ਹਰ ਤਰ੍ਹਾਂ ਦੇ ਵਪਾਰਕ ਰਿਸ਼ਤੇ ਖਤਮ ਕਰਦਾ ਹੈ ਅਤੇ ਭਾਰਤ ਵਿੱਚ ਜਿੰਨੀਆਂ ਵੀ ਚੀਨੀ ਕੰਪਨੀਆਂ ਕੰਮ ਕਰ ਰਹੀਆਂ ਹਨ ਉਨ੍ਹਾਂ ਸਭ ਦੇ ਲਾਈਸੈਂਸ ਰੱਦ ਕੀਤੇ ਜਾਂਦੇ ਹਨ। ਇਸ ਨਾਲ ਭਾਰਤ ਆਤਮ-ਨਿਰਭਰ ਵੀ ਬਣ ਜਾਵੇਗਾ ਅਤੇ ਚੀਨ ਨੂੰ ਸਬਕ ਵੀ ਮਿਲ ਜਾਵੇਗਾ।