ਪਟਿਆਲਾ (ਸਾਰਾ ਯਹਾਂ/ਬਿਊਰੋ ਨਿਊਜ਼ ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਜਪੁਰਾ ਦੇ ਇੰਚਾਰਜ਼ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਤੇ ਬੁਲਾਰਾ ਚਰਨਜੀਤ ਸਿੰਘ ਬਰਾੜ ਨੇ ਅੱਜ ਚੀਨੀ ਵਾਇਰਸ ਨਾਲ ਪ੍ਰਭਾਵਿਤ ਝੋਨੇ ਦੀਆਂ ਫਸਲਾਂ ਦਾ ਜਾਇਜਾ ਲਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਕਟ ਦੀ ਇਸ ਘੜੀ ਵਿਚ ਕਿਸਾਨਾ ਦੇ ਨਾਲ ਖੜਾ ਹੈ। ਜਦੋਂ ਹਲਕੇ ਦੇ ਪਿੰਡ ਭੱਪਲ, ਦੁਭਾਲੀ ਖੁਰਦ, ਦੁਭਾਲੀ ਕਲਾਂ, ਖੇੜਾ ਗੱਜੂ ਅਤੇ ਉੜਦਨ ਪਿੰਡਾਂ ਵਿਖੇ ਪਹੁੰਚੇ ਤਾਂ ਦੇਖਿਆ ਕਿ ਲੋਕਾਂ ਅਤੇ ਮਾਹਿਰਾਂ ਵੱਲੋਂ ਦੱਸੇ ਜਾਣ ਵਾਲੇ ਚੀਨੀ ਵਾਇਰਸ ਦੇ ਕਾਰਨ ਝੋਨੇ ਦੀਆਂ ਕਈ ਕਿਸਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਇਥੇ ਕਿਸਾਨਾ ਨੇ ਦੱਸਿਆ ਕਿ ਪਹਿਲਾਂ ਤਾਂ ਇੱਕ ਮਹੀਨਾ ਝੋਨੇ ਦੇ ਇਹ ਬੂਟੇ ਠੀਕ ਚਲਦੇ ਰਹੇ ਅਤੇ ਬਾਅਦ ਵਿਚ ਉਨ੍ਰਾਂ ਦੀ ਗਰੋਥ ਰੁਕ ਗਈ ਅਤੇ ਫੇਰ ਅੱਗੇ ਨਹੀਂ ਵਧੇ। ਇਸ ਕਿਸਾਨਾ ਦੇ ਦਰਦ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਵਾਇਰਸ ਨਾਲ ਝੋਨੇ ਦੀ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਸ ਲਈ ਸਰਕਾਰ ਫੌਰੀ ਤੌਰ ’ਤੇ ਗਿਰਦਾਵਰੀ ਕਰਵਾ ਕੇ ਕਿਸਾਨਾ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਣ ਬੁਝ ਕੇ ਇਸ ਗਿਰਦਾਵਰੀ ਵਿਚ ਦੇਰੀ ਕਰ ਰਹੀ ਹੈ ਤਾਂ ਕਿ ਫਸਲ ਵੱਢੀ ਜਾਵੇ ਅਤੇ ਉਨ੍ਹਾਂ ਨੂੰ ਜਿੰਮੇਵਾਰੀ ਤੋਂ ਭੱਜਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸਦੇ ਇਲਾਕੇ ਵਿੱਚ ਕਣਕ ਦੀ ਫਸਲ ਮਰੀ ਸੀ ਕਿਸ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਹੁੱਣ ਲੰਪੀ ਸਕਿਨ ਨਾਲ ਪੀੜ੍ਹਤ ਪਸ਼ੂਆਂ ਦੇ ਕਿਸਾਨਾ ਨੂੰ ਵੀ ਕੋਈ ਮੁਆਵਜਾ ਨਹੀਂ ਮਿਲਿਆ ਅਤੇ ਫੇਰ ਅਫਰੀਕਨ ਵਾਇਰਸ ਨਾਲ ਕਾਰਨ ਮਾਰੇ ਗਏ ਸੂਰਾਂ ਦੇ ਪਾਲਕਾਂ ਨੂੰ ਕੁਝ ਨਹੀਂ ਦਿੱਤਾ। ਸਰਕਾਰ ਸਿਰਫ ਸ਼ੋਸਲ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਵਿਚ ਹੀ ਸਾਰਾ ਕੁਝ ਵੰਡ ਰਹੀ ਹੈ, ਪੀੜ੍ਹਤ ਕਿਸਾਨਾ ਅਤੇ ਪਸ਼ੂ ਪਾਲਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਵੀ ਕਾਫੀ ਜਿਆਦਾ ਘੱਟ ਨਿਕਲਿਆ ਸੀ ਅਤੇ ਸਰਕਾਰ ਨੇ ਉਸ ਨੂੰ ਲੈ ਕੇ ਵੀ ਕਿਸਾਨਾ ਨੂੰ ਕੋਈ ਰਾਹਤ ਨਹੀਂ ਦਿੱਤੀ। ਹੁਣ ਝੋਨੇ ਦੀ ਚੀਨੀ ਵਾਇਰਸ ਨਾਲ ਪ੍ਰਭਾਵਿਤ ਫਸਲ ਨੂੰ ਵੀ ਅਣਦੇਖਿਆ ਕਰ ਰਹੀ ਹੈ।ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਇਸ ਜਿੰਮੇਵਾਰੀ ਤੋਂ ਭੱਜਣ ਨਹੀਂ ਦੇਵੇਗਾ ਅਤੇ ਕਿਸਾਨਾ ਨਾਲ ਸੰਕਟ ਦੇ ਇਸ ਸਮੇਂ ਵਿਚ ਡੱਟ ਕੇ ਖੜੇਗਾ।