ਮਾਨਸਾ, (ਸਾਰਾ ਯਹਾ, ਬਲਜੀਤ ਸ਼ਰਮਾ)03 ਅਪ੍ਰੈਲ : ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਿਰ ਕਮੇਟੀ ਵੱਲੋਂ ਰੋਜ਼ਾਨਾ ਕਰਵਾਇਆ ਜਾ ਰਿਹਾ ਹੈ ਕਰੀਬ 12 ਹਜ਼ਾਰ ਲੋੜਵੰਦਾਂ ਨੂੰ ਖਾਣਾ ਮੁਹੱਈਆ
=ਮੰਦਿਰ ਕਮੇਟੀ ਵੱਲੋਂ ਕੀਤੇ ਜਾ ਰਹੇ ਨਿਰਸਵਾਰਥ ਕੰਮ ਦੀ ਆਈ.ਜੀ. ਅਤੇ ਐਸ.ਡੀ.ਐਮ. ਨੇ ਕੀਤੀ ਸ਼ਲਾਘਾ
ਨੋਵਲ ਕਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਸੂਬੇ ਅੰਦਰ ਕਰਫਿਊ ਲਗਾਇਆ ਹੋਇਆ ਹੈ।ਜਿਸ ਕਾਰਨ ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ ਅਤੇ ਹੋਰ ਕਈ ਵਰਗਾਂ ਦੇ ਪਰਿਵਾਰਾਂ, ਜਿਨ੍ਹਾਂ ਦਾ ਘਰ ਸਿਰਫ਼ ਦਿਹਾੜੀ ਕਾਰਨ ਹੀ ਚੱਲਦਾ ਸੀ, ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਰਾਸ਼ਨ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਗਰੀਬ ਅਤੇ ਲੋੜਵੰਦਾਂ ਨੂੰ ਰਾਸ਼ਨ, ਖਾਣਾ ਆਦਿ ਮੁਹੱਈਆ ਕਰਵਾਉਣ ਲਈ ਰੇਲਵੇ ਸਟੇਸ਼ਨ ਮਾਨਸਾ ਨੇੜੇ ਬਣੇ ਚਿੰਤਹਾਰਣ ਰੇਲਵੇ ਤ੍ਰਿਵੇਣੀ ਮੰਦਿਰ ਦੀ ਕਮੇਟੀ ਵੱਲੋਂ ਵੀ ਰੋਜ਼ਾਨਾ ਕਰੀਬ 12 ਹਜ਼ਾਰ ਵਿਅਕਤੀਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਚਿੰਤਹਾਰਣ ਰੇਲਵੇ ਤ੍ਰਿਵੇਣੀ ਮੰਦਿਰ ਕਮੇਟੀ ਸ਼੍ਰੀ ਅਸ਼ੋਕ ਲਾਲੀ ਨੇ ਦੱਸਿਆ ਕਿ ਮੰਦਿਰ ਕਮੇਟੀ ਵੱਲੋਂ ਰੋਜ਼ਾਨਾ ਹਜ਼ਾਰਾਂ ਹੀ ਵਿਅਕਤੀਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ-ਨਾਲ ਕਈ ਦਾਨੀ ਵਿਅਕਤੀਆਂ ਵੱਲੋਂ ਲਗਾਤਾਰ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਮੰਦਿਰ ਕਮੇਟੀ ਦੇ ਵਲੰਟੀਅਰਾਂ ਵੱਲੋਂ ਘਰ-ਘਰ ਜਾ ਕੇ ਖਾਣਾ ਸਪਲਾਈ ਕੀਤਾ ਜਾ ਰਿਹਾ ਹੈ।
ਪ੍ਰਧਾਨ ਸ਼੍ਰੀ ਅਸ਼ੋਕ ਲਾਲੀ ਨੇ ਦੱਸਿਆ ਕਿ ਅੱਜ ਆਈ.ਜੀ. ਬਠਿੰਡਾ ਰੇਂਜ ਸ਼੍ਰੀ ਅਰੁਣ ਕੁਮਾਰ ਮਿੱਤਲ ਵੱਲੋਂ ਵੀ ਚਿੰਤਹਾਰਣ ਰੇਲਵੇ ਤ੍ਰਿਵੇਣੀ ਮੰਦਿਰ ਕਮੇਟੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਅੱਜ ਉਪ ਮੰਡਲ ਮੈਜਿਸਟ੍ਰੇਟ ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਵੀ ਕਮੇਟੀ ਵੱਲੋਂ ਚਲਾਏ ਜਾ ਰਹੇ ਲੰਗਰ ਦਾ ਜਾਇਜ਼ਾ ਲਿਆ ਅਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ।
ਸ਼੍ਰੀ ਅਸ਼ੋਕ ਲਾਲੀ ਨੇ ਦੱਸਿਆ ਕਿ ਮੰਦਿਰ ਵਿਖੇ ਹਰ ਰੋਜ਼ ਤਿੰਨ ਟਾਈਮ ਲੰਗਰ ਬਣਦਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਦੇ ਨਾਲ-ਨਾਲ ਲੋੜਵੰਦ ਲੋਕਾਂ ਨੂੰ ਚਾਹ ਆਦਿ ਬਣਾਉਣ ਲਈ ਖੰਡ, ਚਾਹ ਅਤੇ ਮਿਠਾਈ ਵੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਰੋਜ਼ਾਨਾ ਹਜ਼ਾਰਾਂ ਹੀ ਲੋੜਵੰਦ ਵਿਅਕਤੀਆਂ ਲਈ ਭੋਜਨ ਦੇ ਪੈਕੇਟ ਕਰਕੇ ਵੰਡੇ ਜਾ ਰਹੇ ਹਨ ਅਤੇ ਇਹ ਮੁਹਿੰਮ ਇਸ ਆਪਦਾ ਤੱਕ ਜਾਰੀ ਰਹੇਗੀ।