
ਮਾਨਸਾ 08 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਸੈਂਟਰਲ ਟੀ.ਬੀ. ਡਿਵੀਜ਼ਨ ਨਵੀਂ ਦਿਲੀ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਮਾਨਸਾ ਵਿਖੇ 100 ਦਿਨਾਂ ਲਈ ਟੀ.ਬੀ. ਜਾਗਰੂਕਤਾ ਕੰਪੇਨ ਮੁਹਿੰਮ ਤਹਿਤ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਡਾ. ਮਨਜੀਤ ਕੌਰ ਐਸ.ਐਮ.ਓ ਬੁਢਲਾਡਾ ਦੀ ਅਗਵਾਈ ਵਿੱਚ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਬੁਢਲਾਡਾ ਵਿਖੇ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਟੀ.ਬੀ ਅਤੇ ਮੈਡੀਕਲ ਚੈੱਕਅਪ ਲਈ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਤਪਦਿਕ ਰੋਗ ਮੁਕਤ ਭਾਰਤ ਸਾਡੀ ਪਹਿਲ ਕਦਮੀ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 100 ਦਿਨ ਟੀ.ਬੀ. ਜਾਗਰੂਕਤਾ ਕੰਪੇਨ ਸਬੰਧੀ ਜ਼ਿਲ੍ਹਾ ਮਾਨਸਾ ਵਿਖੇ ਸਿਹਤ ਵਿਭਾਗ ਵੱਲੋਂ ਸ਼ਡਿਊਲ ਅਨੁਸਾਰ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਕੈਂਪ ਲਗਾ ਕੇ ਅਤੇ ਸਰਵੇ ਕਰਕੇ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਦਿਆਂ ਟੀ.ਬੀ. ਦੇ ਪਾਜ਼ੀਟਿਵ ਕੇਸਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਟੀਚਾ ਟੀ.ਬੀ. ਦੇ ਕੇਸਾਂ ਦੀ ਸ਼ਨਾਖ਼ਤ ਅਤੇ ਟੀ.ਬੀ. ਦੇ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ। ਇਸ ਕੰਪੇਨ ਅਧੀਨ ਵਲਨਰੇਬਰ (ਕਮਜ਼ੋਰ ਆਬਾਦੀ) ਜਿਵੇਂ ਸਲਮ ਏਰੀਆ, ਜੇਲ੍ਹ, 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸ਼ੂਗਰ ਦੇ ਮਰੀਜ਼, ਐਚ.ਆਈ.ਵੀ. ਪਾਜ਼ਿਟੀਵ ਮਰੀਜ਼, ਡਾਇਲਸਿਸ ਮਰੀਜ਼, ਸਮੋਕਰ, ਫੈਕਟਰੀ ਵਰਕਰ, ਅਤੇ ਟੀ.ਬੀ. ਦੇ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਬੱਚੇ ਅਤੇ ਬਜ਼ੁਰਗ, ਆਦਿ ਦੀ ਸਕਰੀਨਿੰਗ ਕਰਵਾ ਕੇ ਉਨ੍ਹਾਂ ਦੇ ਐਕਸਰੇ, ਸੀ.ਬੀ. ਨਾਟ ਅਤੇ ਟਰੂ ਨਾਟ ਟੈਸਟ ਕਰਵਾਉਣੇ ਹਨ। ਜੇਕਰ ਕੋਈ ਮਰੀਜ਼ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਡਾਕਟਰ ਦੀ ਸਲਾਹ ਅਨੁਸਾਰ ਬਣਦਾ ਟੀ.ਬੀ. ਦਾ ਇਲਾਜ਼ ਸ਼ੁਰੂ ਕਰਨਾ ਹੈ।
ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਨਿਸ਼ੀ ਸੂਦ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਟੀ.ਬੀ ਦੇ ਲੱਛਣਾਂ ਦੀ ਜਾਂਚ ਕਰਨ ਲਈ ਹਰ ਘਰ ਜਾ ਕੇ ਸ਼ੱਕੀ ਮਰੀਜ਼ ਨੂੰ ਸਕਰੀਨਿੰਗ ਕਰਨ ਲਈ ਦੌਰਾ ਕਰਨਗੀਆਂ ਅਤੇ ਮੁਫ਼ਤ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੀਆਂ।
ਡਾ. ਸੁਮਿਤ ਸ਼ਰਮਾ ਮੈਡੀਕਲ ਅਫਸਰ ਨੇ ਟੀ.ਬੀ.ਦੀ ਬਿਮਾਰੀ ਤੋਂ ਬਚਾਓੰ ਸਬੰਧੀ ਉਪਾਅ ਦੱਸਦੇ ਹੋਏ ਦੱਸਿਆ ਕਿ ਟੀ.ਬੀ. ਦੇ ਮਰੀਜ਼ ਨੂੰ ਖੰਘਦੇ, ਛਿਕਦੇ ਹੋਏ ਹਮੇਸ਼ਾ ਮੂੰਹ ’ਤੇ ਕੱਪੜਾ ਰੱਖਣਾ ਚਾਹੀਦਾ ਹੈ, ਪੋਸ਼ਟਿਕ ਆਹਾਰ ਖਾਣਾ ਚਾਹੀਦਾ ਹੈ, ਯੰਕ ਫੂਡ ਨਹੀਂ ਖਾਣਾ ਚਾਹੀਦਾ, ਜੇਕਰ ਕਿਸੇ ਦੇ ਘਰ ਵਿੱਚ ਕੋਈ ਟੀ.ਬੀ. ਦਾ ਮਰੀਜ਼ ਹੈ ਤਾਂ ਉਸ ਟੀ.ਬੀ.ਦੇ ਮਰੀਜ਼ ਨੂੰ ਦਵਾਈ ਦਾ ਕੋਰਸ ਪੂਰਾ ਕਰਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ ਤਾਂ ਜੋ ਘਰ ਦੇ ਬਾਕੀ ਮੈਂਬਰ ਟੀ.ਬੀ. ਤੋਂ ਬਚ ਸਕਣ।
ਟੀ.ਬੀ. ਵਿਭਾਗ ਦੇ ਗੁਰਸੇਵਕ ਸਿੰਘ ਨੇ ਦੱਸਿਆ ਟੀ.ਬੀ. ਦਾ ਇਲਾਜ਼ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਹ ਇਲਾਜ ਘੱਟੋ ਘੱਟ ਛੇ ਮਹੀਨੇ ਚੱਲਦਾ ਹੈ ਇਲਾਜ਼ ਪੂਰਾ ਨਾ ਕਰਨ ਦੀ ਹਾਲਤ ਵਿੱਚ ਇਸ ਬਿਮਾਰੀ ਦੀ ਗੰਭੀਰਤਾ ਵੱਧ ਸਕਦੀ ਹੈ।
ਨੇਕੀ ਫਾਊਂਡੇਸ਼ਨ ਦੇ ਸ੍ਰੀ ਪ੍ਰਿੰਸ ਚਾਵਲਾ ਅਤੇ ਮੁਨੀਸ਼ ਢੀਂਗਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ ਅਤੇ ਪਿੰਡ ਪੱਧਰ ’ਤੇ ਪਬਲਿਕ ਥਾਂਵਾਂ ਉੱਤੇ ਜਾ ਕੇ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭੁੱਖ ਨਾ ਲੱਗਣਾ, ਭਾਰ ਘਟਣਾ, ਸ਼ਾਮ ਵੇਲੇ ਮਿੰਨਾ ਮਿੰਨਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਗੰਢ ਦਾ ਹੋਣਾ, ਲੰਬੇ ਸਮੇਂ ਤੋਂ ਸਿਰ ਦਰਦ ਪਿੱਠ ਦਰਦ ਜਾਂ ਪੇਟ ਦਰਦ ਦਾ ਹੋਣਾ, ਛਾਤੀ ਵਿੱਚ ਦਰਦ, ਜਾਂ ਥੁੱਕ ਵਿੱਚ ਖ਼ੂਨ ਆਉਣ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਟੀ.ਬੀ. ਦੀ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ।
