
(ਸਾਰਾ ਯਹਾਂ/ਮੁੱਖ ਸੰਪਾਦਕ ):
ਕਿਸੇ ਵੀ ਕਾਰਜ ਜਾਂ ਡਿਊਟੀ ਨੂੰ ਮਜ਼ਬੂਰੀ ਵੱਸ ਨਿਭਾਉਣਾ ਜਾਂ ਜ਼ਰੂਰਤ ਅਨੁਸਾਰ ਨਿਭਾਉਣਾ ਤਾਂ ਹਰ ਕੋਈ ਕਰ ਲੈਂਦਾ ਹੈ ਪਰ ਆਪਣੇ ਕਿੱਤੇ ਨੂੰ ਮਿਸ਼ਨ ਬਣਾਕੇ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ। ਹਾਂ ਜੀ, ਮੇਰੀ ਮੁਰਾਦ ਇੱਕ ਅਜਿਹੇ ਅਧਿਆਪਕ ਤੋਂ ਹੈ ਜੋ ਲਗਭਗ 18 ਸਾਲਾਂ ਤੋਂ ਡਿਊਟੀ ਨੂੰ ਸੇਵਾ ਕਾਰਜ ਸਮਝਦੇ ਹੋਏ, ਦਿਨ-ਰਾਤ ਇਕ ਕਰਕੇ ਬਿਨਾਂ ਕਿਸੇ ਛੁੱਟੀ ਕੀਤਿਆਂ ‘ਵਾਧੂ’ ਸਮਾਂ ਲਾਕੇ ਬੱਚਿਆਂ ਅਤੇ ਸਕੂਲਾਂ ਦੇ ਵਿਕਾਸ ਲਈ ‘ਜੀਅ-ਤੋੜ’ ਉਪਰਾਲੇ ਕਰਦਾ ਆ ਰਿਹਾ ਹੈ। ਹਾਂ ਜੀ, ਇਕ ਅਜਿਹਾ ਹੀ ਅਧਿਆਪਕ ਜੋੜਾ ਪ੍ਰੀਤਮ ਸਿੰਘ ਅਤੇ ਓਹਨਾ ਦੀ ਧਰਮ ਪਤਨੀ ਮੈਡਮ ਬਲਵਿੰਦਰ ਕੌਰ ਸ.ਪ.ਸ. ਬਾਜ਼ੀਗਰ ਬਸਤੀ ਜ਼ਿਲਾ ਮਾਨਸਾ ਹੈ।ਜਿਨ੍ਹਾਂ ਦੇ ਸਿੱਖਿਆ ਕਾਰਜਾਂ ਨੂੰ ਮੈਂ ਦੋ ਦਹਾਕਿਆ ਤੋਂ ਬਹੁਤ ਹੀ ਨੇੜੇ ਤੋਂ ਦੇਖਦਾ ਆ ਰਿਹਾ ਹਾਂ।

ਜੋ ਹੁਣ ਤਕ 3 ਸਕੂਲਾਂ ਵਿਚ ਕੀਤੇ ਵਿਕਾਸ ਕਾਰਜਾਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਿਭਾਈਆਂ ਸੇਵਾਵਾਂ ਕਰਕੇ ਮਾਪਿਆਂ, ਬੱਚਿਆਂ ਅਤੇ ਆਮ ਪਬਲਿਕ ਦੇ ਬਹੁਤ ਹੀ ਚਹੇਤੇ ਬਣੇ ਹੋਏ ਹਨ। ਇਹਨਾਂ ਵਲੋਂ ਨਿਭਾਈਆਂ ਜਾ ਰਹੀਆ ਸੇਵਾਵਾਂ ਦਾ ਫਾਇਦਾ ਲੈ ਕੇ ਹਜ਼ਾਰਾਂ ਬੱਚੇ ਆਪਣੀਆਂ ਮੰਜ਼ਿਲ੍ਹਾ ਵੱਲ ਵੱਧ ਰਹੇ ਹਨ। ਸਕੂਲੀ ਵਿਕਾਸ ਕਾਰਜਾਂ ਲਈ ਆਪਣੇ ਮਿਲਵਰਤਨ ਵਾਲੇ ਨਰਮ ਸੁਭਾਅ ਕਾਰਨ ਵੱਖ-ਵੱਖ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵੱਡਾ ਯੋਗਦਾਨ ਖੁਦ ਪਾ ਕੇ ਮੁਹਾਂਦਰਾ ਬਦਲ ਚੁੱਕੇ ਹਨ। ਜਿਸ ਵੀ ਸਕੂਲ ਵਿੱਚ ਗਏ, ਉੱਥੇ ਹੱਡ ਭੰਨਵੀ ਦਿਨ ਰਾਤ ਮਿਹਨਤ ਕਰਕੇ ਮੀਲ ਪੱਥਰ ਕਾਇਮ ਕੀਤੇ ਹਨ। ਆਪਣੇ ਮਿਲਵਰਤਣ ਨਾਲ ਵੱਖ-ਵੱਖ ਵਿਭਾਗਾਂ, ਐਮ. ਪੀ. ਕੋਟੇ ਅਤੇ ਗ੍ਰਾਮ ਪੰਚਾਇਤਾਂ ਰਾਹੀਂ ਲੱਖਾਂ ਰੁਪਏ ਦੀਆਂ ਗ੍ਰਾਟਾਂ ਨਾਲ ਸਕੂਲਾਂ ਨੂੰ ਸੋਹਣੀਆਂ ਬਿਲਡਿੰਗਾਂ, ਸੁੰਦਰ ਆਧੁਨਿਕ ਨਮੂਨੇ ਦੇ ਰੀਡਿੰਗ ਬੁੱਕ ਬੈਂਕ, ਨਮੂਨੇ ਦੇ ਅਤਿ ਸੁੰਦਰ ਪਾਰਕਾਂ, ਵੱਖ-ਵੱਖ ਤਰਾਂ ਦੇ ਸਜਾਵਟੀ ਪੌਦੇ ਲਾ ਕੇ ਮਾਡਲ ਸਕੂਲਾਂ ਵਾਲਾ ਮਾਹੌਲ ਸਿਰਜ ਚੁੱਕੇ ਹਨ। ਪੜ੍ਹਾਈ ਦੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰਦਿਆਂ ਬੱਚਿਆਂ ਨੇ ਸਰਵਪੱਖੀ ਵਿਕਾਸ ਲਈ ਮੋਹਰੀ ਭੂਮਿਕਾ ਨਿਭਾਈ ਹੈ |ਵੱਖ-ਵੱਖ ਗਤੀਵਿਧੀਆਂ ਦੀ ਖ਼ੁਦ ਤਿਆਰੀ ਕਰਵਾਉਣਾ ਅਤੇ ਭਾਗ ਦਿਵਾਉਣਾ ਅਤੇ ਪੁਜੀਸ਼ਨਾਂ ਲੈਣਾ ਆਦਿ ਨਾਲ ਬੱਚਿਆਂ ਦਾ ਮਨੋਬਲ ਵਧਿਆ ਹੈ। ਖੇਡਾਂ ਦੇ ਖੇਤਰ ਵਿੱਚ ਇਹਨਾਂ ਮੀਆਂ ਬੀਬੀ ਦਾ ਕੋਈ ਮੁਕਾਬਲਾ ਨਹੀਂ ਹੈ। ਮੈਡਮ ਬਲਵਿੰਦਰ ਕੌਰ ਜੋ ਖੁਦ ਇੱਕ ‘ਲਾ-ਇਲਾਜ਼’ ਬਿਮਾਰੀ ਤੋਂ ਪੀੜਤ ਹਨ, ਪ੍ਰੰਤੂ ਬੱਚਿਆਂ ਦੇ ਮਸਲੇ ਤੇ ਆਪਣੀ ਸਿਹਤ ਨਾਲ ਕੋਈ ‘ਸਮਝੌਤਾ’ ਨਹੀਂ ਕਰਦੇ। ਜੋ ਲਗਾਤਾਰ ਆਪਣੇ ਪਤੀ ਪ੍ਰੀਤਮ ਸਿੰਘ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ ਅਤੇ ਬਰਾਬਰ ਹੀ ਵਾਧੂ ਸਮਾਂ ਅਤੇ ਛੁੱਟੀਆਂ ਲਗਾ ਕੇ ਬੱਚਿਆਂ ਦੀ ਤਿਆਰੀ ਲਈ ਸਿਰ-ਜੋੜ ਯਤਨ ਕਰਦੇ ਅਕਸਰ ਦੇਖੇ ਜਾਂਦੇ ਹਨ।ਪਿਛਲੇ 18 ਸਾਲਾਂ ਤੋਂ ਖੇਡਾਂ ਦੇ ਖੇਤਰ ਵਿੱਚ ਇਨ੍ਹਾਂ ਦੁਆਰਾ ਤਿਆਰੀ ਕਰਵਾਏ ਬੱਚੇ ਸਕੂਲ ਖੇਡਾਂ ਚ ਹਰ ਵਾਰ ਸੈਂਟਰ ਚੈਂਪੀਅਨ ਬਣਨਾ, ਬਲਾਕ ਚੈਂਪੀਅਨ ਬਣਨਾ, ਜਿਲ੍ਹਾ ਜਿੱਤਣ ਤੋਂ ਇਲਾਵਾ ਹੁਣ ਤੱਕ ਸੈਂਕੜੇ ਬੱਚੇ ਸੂਬਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਤੋਂ ਇਲਾਵਾ ਚੰਗਾ ਨਾਮਨਾ ਖੱਟ ਚੁੱਕੇ ਹਨ। ਸੈਸ਼ਨ 2018-19 ਦੀਆਂ ਸੂਬਾ ਪੱਧਰੀ ਖੇਡਾਂ ਅੰਮ੍ਰਿਤਸਰ ਵਿੱਚ ਇਹਨਾਂ ਅਧਿਆਪਕਾਂ ਨੇ ਇਤਿਹਾਸ ਸਿਰਜਦਿਆਂ ਕਬੱਡੀ ਨੈਸ਼ਨਲ ਲੜਕੀਆਂ ਟੀਮ ਨੇ ਤੀਸਰੀ ਪੁਜੀਸ਼ਨ ਲੈਕੇ ਹਾਕਮਵਾਲਾ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਤੋਂ ਇਲਾਵਾ ਇੱਕ ਬੱਚੀ ਕਮਲਪ੍ਰੀਤ ਕੌਰ ਹਾਕਮਵਾਲਾ ਨੇ ਲੰਬੀ ਛਾਲ ਵਿੱਚ ਸੂਬੇ ਭਰ ਵਿੱਚੋਂ ਤੀਸਰੀ ਪੁਜੀਸ਼ਨ ਪ੍ਰਾਪਤ ਕਰਕੇ ਮਾਣ ਵਧਾਇਆ।ਸਾਲ 2023 ਵਿੱਚ ਇਹਨਾਂ ਦੇ ਸ਼ਗਿਰਦ, ਦਿਨ ਰਾਤ ਦੀ ਲਗਾਤਾਰ ਮਿਹਨਤ ਦੀ ਬਦੌਲਤ 6 ਖਿਡਾਰੀਆਂ ਦੀ ਚੋਣ ਵੱਖ ਵੱਖ ਖੇਡ ਅਕਾਦਮੀਆਂ ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਕਰਵਾ ਕੇ ਮੀਲ ਪੱਥਰ ਕਾਇਮ ਕੀਤਾ |ਸ਼ਾਇਦ ਪ੍ਰਾਇਮਰੀ ਦੇ ਇਤਿਹਾਸ ਵਿੱਚ ਪਹਿਲਾ ਮੌਕਾ ਹੋਵੇਗਾ ਕਿ ਕਿਸੇ ਅਕਾਦਮੀ ਨੇ ਏਨੀ ਛੋਟੀ ਉਮਰ ਗਰੁੱਪ -11 ਸਾਲ ਪ੍ਰਾਇਮਰੀ ਸਕੂਲਜ਼ ਵਿੱਚੋਂ ਬੱਚਿਆਂ ਦੀ ਚੋਣ ਕੀਤੀ ਹੋਵੇ।ਇਸ ਤੋਂ ਪਹਿਲਾਂ ਉਮਰ ਵਰਗ 14 ਸਾਲਾ ਦੇ ਬੱਚਿਆਂ ਦੀ ਚੋਣ ਹੁੰਦੀ ਰਹੀ ਹੈ |ਇਹਨਾਂ ਵਿਲੱਖਣ ਪ੍ਰਾਪਤੀਆਂ ਕਰਕੇ ਇਸ ਜੋੜੀ ਦੀ ਮਿਹਨਤ ਅੱਗੇ ਸਿਰ ਝੁੱਕਦਾ ਹੈ।ਇਹ ਮਾਪਿਆਂ, ਸਕੂਲ, ਅਤੇ ਬੱਚਿਆਂ ਬਹੁਤ ਹੀ ਖੁਸ਼ੀ ਦੀ ਗੱਲ ਹੈ। ਅਨੇਕਾਂ ਹੀ ਬੱਚਿਆਂ ਦੇ ਚਾਨਣ ਮੁਨਾਰੇ 2021 ਵਿੱਚ ਬਦਲੀ ਕਰਵਾ ਕੇ ਬਾਜ਼ੀਗਰ ਬਸਤੀ ਆਏ, ਅਤੇ ਆਪਣੇ ਬੱਚਿਆਂ ਦੇ ਸਰਬਪੱਖੀ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਇਨ੍ਹਾਂ ਵੱਲੋਂ ਤਿਆਰ ਕੀਤੀਆਂ ਟੀਮਾਂ ਨੇ ਬੇਹਤਰ ਪ੍ਰਦਰਸ਼ਨ ਤਹਿਤ ਬੱਚਿਆਂ ਨੇ ਕਲੱਸਟਰ ਚੈਂਪੀਅਨ ਬਣਨ, ਬਲਾਕ ਅਤੇ ਜ਼ਿਲ੍ਹਾ ਜਿੱਤਣ ਤੋਂ ਬਾਅਦ ਸੂਬਾ ਪੱਧਰ ਉੱਤੇ 4 ਬੱਚਿਆਂ ਨੇ ਬਾਜ਼ੀਗਰ ਬਸਤੀ ਸਕੂਲ ਦੀ ਭਰਵੀਂ ਹਾਜ਼ਰੀ ਲਗਵਾਈ | ਪਿਛਲੇ ਸਾਲ ਇਹਨਾਂ ਦੀ ਪੜਾਈ ਪੰਜਵੀਂ ਜਮਾਤ ਦੇ ਪੂਰੇ ਬੱਚੇ 80% ਤੋਂ ਵੱਧ ਅੰਕ ਲੈ ਕੇ ਆਪਣੀ ਮਿਹਨਤ ਦੀ ਹਾਜ਼ਰੀ ਲਗਵਾ ਚੁੱਕੇ ਹਨ |ਪੜਾਈ ਦੇ ਖੇਤਰ ਵਿੱਚ ਸੈਂਟਰ ਪੱਧਰ ਉੱਤੇ ਸਾਰੀਆਂ ਪੁਜੀਸ਼ਨਾਂ 3 ਲੜਕੇ ਤੇ 3 ਲੜਕੀਆਂ ਮੋਹਰੀ ਰਹੇ।ਦੁਆ ਕਰਦੇ ਹਾਂ ਕਿ ਦੂਸਰੇ ਅਧਿਆਪਕਾਂ ਲਈ ਰਾਹ ਦਸੇਰਾ ਬਣਨ ਵਾਲੇ ਅਜਿਹੇ ਅਧਿਆਪਕਾਂ ਦੀਆਂ ਪਤਾਲ ਚ ਜੜਾਂ ਲੱਗਣ ਅਤੇ ਵਾਹਿਗੁਰੂ ਜੀ ਇੰਨਾਂ ਨੂੰ ਲੋਕ ਗੀਤ ਜਿੰਨੀਂ ਲੰਬੀ ਜ਼ਿੰਦਗੀ ਬਖਸ਼ਿਸ਼ ਕਰਨ।
