
ਬੁਢਲਾਡਾ 2,ਮਈ (ਸਾਰਾ ਯਹਾਂ/ਅਮਨ ਮਹਿਤਾ) : ਚਾਈਲਡ ਲਾਈਨ ਇੰਡੀਆ ਫਾਉਂਡੇਸ਼ਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਇੱਕ ਪ੍ਰਾਜੈਕਟ ਹੈ। ਚਾਈਲਡ ਲਾਈਨ ਇੰਡੀਆ ਫਾਉਂਡੇਸ਼ਨ ਭਾਰਤ ਵਿਚ ਇਕ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਹੈ, ਜੋ ਮੁਸੀਬਤ ਵਿੱਚ ਫਸੇ ਬੱਚਿਆਂ ਲਈ ਚਾਈਲਡ ਲਾਈਨ (1098) ਨਾਮਕ ਇਕ ਟੈਲੀਫੋਨ ਹੈਲਪਲਾਈਨ ਚਲਾਉਂਦੀ ਹੈ। ਇਹ ਭਾਰਤ ਵਿੱਚ ਬੱਚਿਆਂ ਲਈ 24 ਘੰਟੇ ਟੋਲ ਫ੍ਰੀ ਫੋਨ ਸੇਵਾ ਹੈ ਅਤੇ ਮਾਨਸਾ ਜਿਲ੍ਹੇ ਵਿੱਚ ਇਹ ਸੇਵਾ ਮਈ 2018 ਤੋਂ ਸੋਸਾਇਟੀ ਫਾਰ ਆਲ ਰਾਉਂਡ ਡਿਵੈਲਪਮੈਂਟ ਸਾਰਡ ਐਨ.ਜੀ.ਓ. ਨਿਭਾ ਰਿਹਾ ਹੈ ਜੋ ਕਿ ਇੱਕ ਰਾਸ਼ਟਰੀ ਪੱਧਰ ਦੀ ਐਨ.ਜੀ.ਓ. ਹੈ। ਜਿਸਨੇ 2014 ਤੋਂ 2018 ਤੱਕ ਸੇਵ ਦਾ ਚਿਲਡਰਨ ਨਾਮਕ ਐਨ.ਜੀ.ਓ. ਨਾਲ ਮਿਲ ਕੇ ਮਾਨਸਾ ਜਿਲ੍ਹੇ ਦੇ ਦੋ ਬਲਾਕ ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਤੇ ਕੰਮ ਕੀਤਾ ਸੀ।
ਸਾਰਡ ਜੋ ਕਿ ਦਿੱਲੀ ਅਤੇ ਕਈ ਹੋਰ ਰਾਜਾਂ ਵਿੱਚ ਬੱਚਿਆਂ ਦੀ ਸਿੱਖਿਆ ਉਪਰ ਵੀ ਕੰਮ ਕਰ ਰਹੀ ਹੈ, ਕਈ ਹੋਰ ਐਨ.ਜੀ.ਓ. ਨਾਲ ਮਿਲ ਕੇ ਬੱਚਿਆਂ ਦੀਆਂ ਦੀਆਂ ਕਿਤਾਬਾਂ ਤਿਆਰ ਕਰ ਰਹੀ ਹੈ। ਇਹਨਾਂ (ਐਨ.ਜੀ.ਓ.) ਵਿੱਚ ਦੀ ਐਸ਼ਿਨ ਫਾਊਂਡ ਵੀ ਸ਼ਾਮਿਲ ਹਨ। ਇਹ ਕਿਤਾਬਾਂ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿੱਚ ਹਨ। ਸਾਰਡ ਇਹਨਾਂ ਐਨ.ਜੀ.ਓ. ਦੀ ਮੱਦਦ ਨਾਲ ਕੁਝ ਕਿਤਾਬਾਂ (ਕਹਾਣੀਆਂ,ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ) ਮਾਨਸਾ ਬੁਢਲਾਡਾ ਬਲਾਕ ਦੇ 6 ਪ੍ਰਾਇਮਰੀ ਸਕੂਲਾਂ ਵਿੱਚ ਦਿੱਤੀਆਂ ਗਈਆਂ। ਇਹਨਾਂ ਕਿਤਾਬਾਂ ਵੀ ਵਿਤਰਣ ਅੱਜ ਬੁਢਲਾਡਾ ਦੇ ਬਲਾਕ ਪ੍ਰਾਇਮਰੀ ਅਫਸਰ ਸ਼੍ਰੀ ਅਮਨਦੀਪ ਸਿੰਘ ਜੀ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਅਫਸਰ ਸ਼੍ਰੀ ਅਮਨਦੀਪ ਸਿੰਘ ਨੇ ਸਾਰਡ ਚਾਈਲਡ ਹੈਲਪ ਲਾਈਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ਼੍ਰੀ ਕਮਲਦੀਪ ਸਿੰਘ ਦਾ ਅਤੇ ਉਹਨਾਂ ਦੀ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਸਕੂਲਾਂ ਦੀਆਂ ਲਾਈਬ੍ਰੇਰੀ ਵਿਚ ਬੱਚਿਆਂ ਦਾ ਸਰਬ ਪੱਖੀ ਵਿਕਾਸ ਕਰਨ ਵਿਚ ਸਹਾਈ ਹੋਣਗੀਆਂ। ਇਹਨਾਂ ਸਕੂਲਾਂ ਦੇ ਨਾਮ ਹਨ ਪ੍ਰਾਇਮਰੀ ਸਕੂਲ ਰੱਲੀ, ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ, ਪ੍ਰਾਇਮਰੀ ਸਕੂਲ ਬਛੋਆਣਾ, ਪ੍ਰਾਇਮਰੀ ਸਕੂਲ ਭਾਦੜਾ, ਪ੍ਰਾਇਮਰੀ ਸਕੂਲ ਬੋੜਾਵਾਲ ਅਤੇ ਪ੍ਰਾਇਮਰੀ ਸਕੂਲ ਕੇ ਕੇ ਗੌੜ ਬੁਢਲਾਡਾ। ਇਸ ਮੌਕੇ ਜਿਲ੍ਹਾ ਇੰਚਾਰਜ ਚਾਈਲਡ ਹੈਲਪ ਲਾਈਨ ਮਾਨਸਾ ਕਮਲਦੀਪ ਸਿੰਘ ਨੇ ਉਥੇ ਮੌਜੂਦ ਅਧਿਆਪਕਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਬੱਚਾ ਮੁਸੀਬਤ ਵਿੱਚ ਘਿਰਿਆ ਦਿਖਦਾ ਹੈ ਤਾ ਉਹ ਬੇਝਿਜਕ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹਨ। 1098 ਤੇ ਕਾਲ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਚਾਈਲਡ ਹੈਲਪ ਲਾਈਨ ਮਾਨਸਾ ਤੋਂ ਸੰਦੀਪ ਕੌਰ, ਬਖਸ਼ਿੰਦਰ ਸਿੰਘ ਅਤੇ 6 ਪਿੰਡਾਂ ਦੇ ਪ੍ਰਾਇਮਰੀ ਸਕੂਲ ਮੁਖੀ ਮੌਜੂਦ ਸਨ।
