*ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਖ਼ਤ*

0
26

ਮਾਨਸਾ, 07 ਮਈ:(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ/ਮਾਂਝੇ ਸਮੇਤ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਨੂੰ ਲਾਗੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਦੇ ਥੋਕ ਵਿਕਰੇਤਾ/ਡੀਲਰਾਂ/ਵਿਕਰੇਤਾਵਾਂ ਦੀ ਚੈਕਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਵਾਤਾਵਰਣ ਇੰਜੀਨੀਅਰ ਮਾਨਸਾ, ਹਰਸਿਮਰਨ ਸਿੰਘ ਸੋਢੀ ਨੇ ਦੱਸਿਆ ਕਿ ਪਤੰਗ ਉਡਾਉਣ ਵਾਲੀ ਸਮੱਗਰੀ ਦੀ ਸਪਲਾਈ ਵਿੱਚ ਲੱਗੇ ਉੱਘੇ ਥੋਕ ਵਿਕਰੇਤਾ/ਡੀਲਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ (ਬਠਿੰਡਾ) ਦੇ ਮੁੱਖ ਦਫ਼ਤਰ, ਪਟਿਆਲਾ ਵਿਖੇ ਮੀਟਿੰਗ ਲਈ ਬੁਲਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਪਤੰਗ ਉਡਾਉਣ ਵਾਲੀ ਸਮੱਗਰੀ ਦੀ ਸਪਲਾਈ ਵਿੱਚ ਚਾਈਨਾ ਡੋਰ/ਮਾਂਝੇ ਸਮੇਤ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਿਕਰੀ ਅਤੇ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥੋਕ ਵਿਕਰੇਤਾਵਾਂ/ਡੀਲਰਾਂ ਨੂੰ ਕਾਨੂੰਨੀ ਹਦਾਇਤਾਂ ਬਾਰੇ ਵੀ ਸੇਧ ਦਿੱਤੀ ਗਈ  ਪਾਬੰਦੀਸ਼ੁਦਾ ਪਤੰਗ ਉਡਾਉਣ ਦੀ ਸਮੱਗਰੀ ਦੀ ਵਿਕਰੀ/ਵਰਤੋਂ ਨੂੰ ਰੋਕਣ ਲਈ ਵਿਭਾਗ ਨਾਲ ਸਹਿਯੋਗ ਕਰਨ ਲਈ ਕਿਹਾ ਗਿਆ।
ਮੁੱਖ ਵਾਤਾਵਰਣ ਇੰਜਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਬਠਿੰਡਾ), ਸੰਦੀਪ ਬਹਿਲ ਨੇ ਦੱਸਿਆ ਕਿ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 05.03.2023 ਰਾਹੀਂ ਚਾਈਨਾ ਡੋਰ/ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਰਤੋਂ/ਵੇਚ ਜਿਸ ਵਿੱਚ ਪ੍ਰਸਿੱਧ ਚੀਨੀ ਡੋਰ/ਮਾਂਝਾ ਅਤੇ ਕੋਈ ਹੋਰ ਸਿੰਥੈਟਿਕ ਪਤੰਗ ਉਡਾਉਣ ਵਾਲੀ ਸਮੱਗਰੀ ਜੋ ਗਲਣਸ਼ੀਲ ਨਹੀਂ ਹੈ, ਤਿੱਖੀ ਜਾਂ ਤਿੱਖੀ ਲੇਸ ਵਾਲੀ ਸਮੱਗਰੀ ਜਿਵੇਂ ਕਿ ਕੱਚ/ਧਾਤ ਦੀ ਬਣੀ ਹੋਈ ਹੈ, ਆਦਿ ਦੀ ਵਰਤੋਂ ਕਰਨ ਅਤੇ ਵੇਚਣ ’ਤੇ ਵਾਤਾਵਰਣ ਮੁਆਵਜ਼ਾ ਲਗਾਇਆ ਜਾ ਸਕਦਾ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ, 1986 ਦੇ ਸੈਕਸ਼ਨ 19 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਜੋ ਕਿ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ, 1986 ਦੇ ਸੈਕਸ਼ਨ 15 ਅਧੀਨ ਸਜ਼ਾਯੋਗ ਹੈ, ਜਿਸ ਵਿੱਚ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ/ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਉਨ੍ਹਾਂ ਥੋਕ ਵਿਕਰੇਤਾਵਾਂ/ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਸੂਤੀ ਧਾਗੇ ਦੀ ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਅਤੇ ਵਰਤੋਂ ਹੀ ਕਰਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਚਾਈਨਾ ਡੋਰ ਨੂੰ ਸਖ਼ਤੀ ਨਾਲ ਬੈਨ ਕਰਨ ਵਿੱਚ ਸਹਿਯੋਗ ਦੇਣ।
ਇਸ ਮੌਕੇ ਰਾਕੇਸ਼ ਨਇਰ ਸੀਨੀਅਰ ਵਾਤਾਵਰਣ ਇੰਜੀਨੀਅਰ, ਰਮਨਦੀਪ ਸਿੰਘ ਸਿੱਧੂ ਵਾਤਾਵਰਣ ਇੰਜੀਨੀਅਰ, ਰੂਬੀ ਸਿੱਧੂ ਵਾਤਾਵਰਣ ਇੰਜੀਨੀਅਰ, ਰਵੀਦੀਪ ਸਿੰਗਲਾ ਸਹਾਇਕ ਵਾਤਾਵਰਣ ਇੰਜੀਨੀਅਰ, ਅਸ਼ਪ੍ਰੀਤ ਸਿੰਘ ਸਹਾਇਕ ਵਾਤਾਵਰਣ ਇੰਜੀਨੀਅਰ ਹਾਜ਼ਰ ਸਨ।

LEAVE A REPLY

Please enter your comment!
Please enter your name here