ਮਾਨਸਾ 13 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ): ਮਾਨਸਾ ਰੋਟਰੀ ਕਲੱਬ ਦੁਆਰਾ ਰੱਖੇ ਇਕ ਸਮਾਗਮ ਦੌਰਾਨ ਅੱਜ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੱਧੂ ਨੂੰ ਜੀ ਆਇਆਂ ਆਖਦਿਆਂ ਦੇਸ਼ ਵਿਚ ਛਾਏ ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਵਿਚ ਅਹਿਮ ਸਹਿਯੋਗ ਦਿੰਦਿਆਂ 42 ਲੱਖ ਰੁਪਏ ਦਾ ਸਿਹਤ ਸਹੂਲਤਾਂ ਦਾ ਸਮਾਨ ਕਲੱਬ ਵੱਲੋਂ ਭੇਂਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕੋਰੋਨਾ ਜੰਗ ਵਿਚ ਹੁਣ ਤੱਕ ਅਹਿਮ ਰੋਲ ਅਦਾ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਵਿਚ ਸਥਿਤੀ ਕੰਟਰੋਲ ਹੈ ਅਤੇ ਜੋ ਵੀ ਕੋਰੋਨਾ ਪ੍ਰਭਾਵਿਤ ਕੇਸ ਪੰਜਾਬ ਵਿਚ ਪਾਏ ਗਏ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਕੇਸਾਂ ਦੀ ਟਰੈਵਲ ਹਿਸਟਰੀ ਪੰਜਾਬ ਤੋਂ ਬਾਹਰ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਕੋਵਿਡ-19 ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਇਕ ਮੋਬਾਇਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਜਾਰੀ ਕੀਤੀ ਗਈ ਹੈ ਜਿਸ ਤਹਿਤ ਸੂਬੇ ਦੇ ਹਰ ਘਰ ਤੇ ਉਦੋਂ ਤੱਕ ਨਜ਼ਰਸਾਨੀ ਰੱਖੀ ਜਾਵੇਗੀ ਜਦੋਂ ਤੱਕ ਕੋਰੋਨਾ ਮਹਾਂਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ‘ਘਰ ਘਰ ਨਿਗਰਾਨੀ’ ਦਾ ਮਤਲਬ ਹੈ ਘਰ ਘਰ ਸਰਵੇ। ਇਸ ਤਹਿਤ ਹਰ ਘਰ ਦਾ ਸਰਵੇ ਕਰਦਿਆਂ ਹਰ ਇਕ ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਵਿਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤਰਾਂ ਡਾਟਾ ਵੀ ਇਕੱਤਰ ਹੋਵੇਗਾ ਜੋ ਕਿ ਹੈਲਥ ਵੈੱਲਨੈਸ ਸੈਂਟਰਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਬਿਮਾਰ ਵਿਅਕਤੀਆਂ ਦੀ ਹਿਸਟਰੀ ਇਕੱਠੀ ਹੋਵੇ ਅਤੇ ਉਨ੍ਹਾਂ ਦੇ ਬਚਾਅ ਲਈ ਯੋਗ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਰਾਜੀਵ ਗਰਗ ਜ਼ਿਲ੍ਹਾ ਗਵਰਨਰ ਰੋਟਰੀ 3090 ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਅਤੇ ਆਏ ਹੋਏ ਹੋਰ ਸਾਰੇ ਮਹਿਮਾਨਾਂ ਤੋਂ ਇਲਾਵਾ ਤਿੰਨੋ ਰੋਟਰੀ ਕਲੱਬਾਂ ਦੇ ਪ੍ਰਧਾਨ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਅਤੇ ਸਮੂੱਚੀ ਪ੍ਰੈਸ ਨੂੰ ਜੀ ਆਇਆ ਕਿਹਾ। ਰੋਟਰੀ ਜ਼ਿਲ੍ਹਾ 3090 ਵੱਲੋਂ ਗਵਰਨਰ ਰਾਜੀਵ ਗਰਗ ਦੀ ਲੀਡਰਸ਼ਿਪ ਹੇਠ ਅੱਜ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੂੰ ਕਰੋਨਾ ਵਿਰੁੱਧ ਚੱਲ ਰਹੀ ਜੰਗ ਨਾਲ ਨਿਪਟਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲੱਗਭਗ 42 ਲੱਖ ਰੂਪੈ ਦਾ ਸਾਮਾਨ ਪੰਜਾਬ ਦੇ 11 ਜਿਲਿ੍ਹਆਂ ਲਈ ਭੇਂਟ ਕੀਤਾ। ਇਸ ਤੋਂ ਇਲਾਵਾ ਜਲਦ ਹੀ ਪੰਜਾਬ ਦੇ ਸਿਵਲ ਹਸਪਤਾਲ ਮੋਗਾ ਅਤੇ ਮਾਨਸਾ ਲਈ 15 ਲੱਖ ਰੂਪੈ ਦੀਆਂ ਦੋ ਐਬੂਲੈਂਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਵਿਚ ਕੋਈ ਸੰਕਟ ਹੋਵੇ, ਜਾਂ ਕੋਈ ਜੰਗ ਹੋਵੇ, ਉਸ ਵਿਚ ਸਹਿਯੋਗ ਕਰਨ ਵਾਲਾ ਹਰ ਵਿਅਕਤੀ ਮਹਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਮਾਨਸਾ ਦਾ ÇÎੲਹ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪ੍ਰੋਜੈਕਟ ਰੋਟਰੀ ਫਾਊਡੇਸ਼ਨ ਦੁਆਰਾ 1,37,000 ਡਾਲਰ ਕਰੀਬ 1 ਕਰੋੜ 3 ਲੱਖ ਦੇ ਪ੍ਰੋਜੈਕਟ, ਜਿਸ ਵਿੱਚ ਪੰਜਾਬ ਦੇ 11 ਜਿਲਿ੍ਹਆਂ, ਰਾਜਸਥਾਨ ਦੇ ਦੋ ਜਿਲਿ੍ਹਆਂ ਅਤੇ ਹਰਿਆਣਾ ਦੇ ਚਾਰ ਜਿਲਿ੍ਹਆਂ ਲਈ ਭੇਂਟ ਕੀਤੇ ਹਨ। ਇਹਨਾਂ ਪ੍ਰੋਜੈਕਟਾਂ ਵਿਚ ਥਰਮਾਮੀਟਰ, ਮਾਸਕ, ਗਲੱਫਜ਼, ਵੈਟੀਲੇਂਟਰ ਅਤੇ ਐਬੂਲੈਂਸ ਸ਼ਾਮਿਲ ਹਨ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਅਤੇ ਸਲਾਘਾਯੋਗ ਕੰਮ ਕਰ ਰਹੀ ਹੈ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱÎਖਿਆ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਰੋਟਰੀ ਜ਼ਿਲ੍ਹਾ 3090 ਦੇ ਗਵਰਨਰ ਰਾਜੀਵ ਗਰਗ, ਸਾਬਕਾ ਗਵਰਨਰ ਪ੍ਰੇਮ ਅਗਰਵਾਲ ਦੀ ਇਸ ਮਹਾਂਮਾਰੀ ਵਿਰੁੱਧ ਵੱਡੇ ਪ੍ਰੋਜੈਕਟ ਕਰਨ ਲਈ ਪ੍ਰਸੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੋਲਿਓ ਦੇ ਖ਼ਾਤਮੇ ਵਿੱਚ ਰੋਟਰੀ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਐਮ.ਐਲ.ਏ. ਸ੍ਰੀ ਨਾਜਰ ਸਿੰਘ ਮਾਨਸ਼ਾਹੀਆ, ਕਾਂਗਰਸੀ ਲੀਡਰ ਸ੍ਰੀ ਮੰਜੂ ਬਾਲਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੁ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਸੀਨੀਅਰ ਮੈਡੀਕਲ ਅਫਸਰ ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਰੋਟਰੀ ਕਲੱਬਾਂ ਦੇ ਪ੍ਰਧਾਨ ਨਰੇਸ਼ ਕੁਮਾਰ, ਅਮਿਤ ਗੋਇਲ, ਅਰੁਨ ਗੁਪਤਾ, ਅਸਿਸਟੇਟ ਗਵਰਨਰ ਰਮੇਸ਼ ਜਿੰਦਲ, ਡਾ. ਜਨਕ ਰਾਜ, ਰਾਜਿੰਦਰ ਗਰਗ, ਵਿਨੋਦ ਗੋਇਲ, ਸੁਨੀਲ ਗੋਇਲ, ਕਮਨ ਗੋਇਲ, ਸੰਜੀਵ ਅਰੋੜਾ ਆਦਿ ਮੈਂਬਰ ਵੀ ਮੌਜੂਦ ਸਨ।