ਬਠਿੰਡਾ, 17 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਬਠਿੰਡਾ ਦਾ ਗੌਰਮਿੰਟ ਅਦਰਸ਼ ਸਕੂਲ ਵਿਦਿਆ ਦਾ ਦਾਨ ਹੀ ਨਹੀਂ ਦੇ ਰਿਹਾ, ਸਗੋਂ ਪਾੜ੍ਹਿਆਂ ਦੇ ਭਵਿੱਖ ਲਈ ਰੁਜ਼ਗਾਰ ਦਾ ਰਾਹ ਵੀ ਪੱਧਰਾ ਕਰ ਰਿਹਾ ਹੈ।ਕਰੋਨਾਵਾਇਰਸ ਦੀ ਔਖੀ ਘੜੀ ਦੌਰਾਨ ਵੀ ਅਧਿਆਪਕਾਂ ਦੀ ਮਿਹਨਤ ਨੂੰ ਰੰਗ ਚੜ੍ਹਿਆ ਹੈ ਤੇ ਮਾਪਿਆਂ ਦਾ ਭਰੋਸਾ ਵੀ ਵਧਿਆ ਹੈ, ਜਿਸ ਕਾਰਨ ਆਨ-ਲਾਈਨ ਦਾਖ਼ਲਿਆਂ ਦਾ ਇੱਥੇ ਹੜ੍ਹ ਆ ਗਿਆ ਹੈ। ਸਵੇਰੇ ਸ਼ਾਮੀ ਦੋ ਸਿਫਟਾਂ ਚ ਅੰਗਰੇਜ਼ੀ ਮੀਡੀਅਮ ਚ ਚਲਦੇ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਨੇ 800 ਦੇ ਨੇੜੇ ਨਵੇਂ ਦਾਖਲੇ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਅੰਕੜਾ 1000 ਤੋਂ ਪਾਰ ਜਾਵੇਗਾ, ਜੋ ਦੋ ਦਰਜ਼ਨ ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਦਾ ਰਾਹ ਪੱਧਰਾ ਕਰੇਗਾ।
ਸਿੱਖਿਆ ਵਿਭਾਗ ਪੰਜਾਬ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਕੱਲੇ ਪ੍ਰਾਇਮਰੀ ਵਿਭਾਗ ਵਿੱਚ ਕੁਲ ਬੱਚਿਆਂ ਦਾ 1300 ਤੋਂ ਵੱਧ ਦਾ ਅੰਕੜਾ ਪਾਰ ਹੋ ਗਿਆ ਹੈ, ਜਿਸ ਵਿੱਚ ਨਵੇਂ ਦਾਖਲੇ 560 ਦੇ ਕਰੀਬ ਹਨ, ਉਸ ਤੋਂ ਵੀ ਵੱਡੀ ਤਸੱਲੀ ਵਾਲੀ ਗੱਲ ਹੈ ਕਿ ਪ੍ਰਾਇਮਰੀ ਵਿੰਗ ਨੇ ਪ੍ਰਾਈਵੇਟ ਸਕੂਲਾਂ ਨੂੰ ਵੱਡੀ ਸੰਨ ਲਾਈ ਹੈ ਅਤੇ 500 ਕਰੀਬ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿਕੇ ਆਏ ਹਨ, ਉਨ੍ਹਾਂ ਦੱਸਿਆ ਕਿ ਸਾਲ 2019-20 ਵਿੱਚ ਇੱਥੇ ਪ੍ਰੀ-ਪ੍ਰਾਇਮਰੀ ਤੋਂ ਲੈਕੇ ਪੰਜਵੀਂ ਤੱਕ 400 ਬੱਚੇ ਸਨ। ਬਾਅਦ ਵਿੱਚ ਜਦੋਂ 2019-20 ਦੇ ਮਿੱਡ ਵਿੱਚ ਇਹ ਸਕੂਲ ਸੀ ਬੀ ਐਸ ਈ ਤੋਂ ਪੰਜਾਬ ਸਿੱਖਿਆ ਬੋਰਡ ਨਾਲ ਜੋੜਿਆ ਤਾਂ ਇਸ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਦੇ 139 ਬੱਚਿਆਂ ਸਮੇਤ ਪੰਜਵੀਂ ਤੱਕ ਕੁੱਲ 963 ਬੱਚੇ ਦਾਖ਼ਲ ਹੋਏ ਸਨ। ਮੌਜੂਦਾ ਵਿਦਿਅਕ ਸੈਸ਼ਨ ਦੌਰਾਨ 2020-21 ਵਿੱਚ ਇਸ ਸਕੂਲ ਦੇ ਪ੍ਰੀ-ਪ੍ਰਾਇਮਰੀ-1 ਦੇ 111 ਅਤੇ ਪ੍ਰੀ-ਪ੍ਰਾਇਮਰੀ-2 ਦੇ 74 ਬੱਚਿਆਂ ਸਮੇਤ ਪੰਜਵੀਂ ਜਮਾਤ ਤੱਕ ਇਸ ਸਕੂਲ ਵਿੱਚ ਗਿਣਤੀ 1300 ਤੋਂ ਪਾਰ ਕਰ ਗਈ ਹੈ।ਸੀਬੀਐਸਈ ਪੈਟਰਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਬੰਧ ਤਹਿਤ ਸਾਲ 2019-20 ਵਿੱਚ 563 ਬੱਚੇ ਅਤੇ ਮੌਜੂਦਾ ਸੈਸ਼ਨ ਦੌਰਾਨ 560 ਨਵੇਂ ਵਿਦਿਆਰਥੀ ਦਾਖ਼ਲ ਹੋਏ ਹਨ,ਜਦੋਂ ਕਿ ਸੈਕੰਡਰੀ ਵਿਭਾਗ ਚ 233 ਦੇ ਕਰੀਬ ਨਵੇਂ ਵਿਦਿਆਰਥੀ ਦਾਖਲ ਹੋਏ ਹਨ।
ਪ੍ਰਾਇਮਰੀ ਵਿੰਗ ਦੇ ਹੈੱਡ ਟੀਚਰ ਮੋਨਿਕਾ ਸੂਦ ਅਤੇ ਸੈਕੰਡਰੀ ਵਿਭਾਗ ਦੇ ਪ੍ਰਿੰਸੀਪਲ ਜਸਜੀਤ ਕੌਰ ਦਾ ਕਹਿਣਾ ਹੈ ਕਿ ਬੇਸ਼ੱਕ ਦੋ ਸਿਫਟਾਂ ਚ ਚਲਦੇ ਸਕੂਲ ਦੀਆਂ ਅਨੇਕਾਂ ਦਿੱਕਤਾਂ ਹਨ,ਪਰ ਦੋਨਾਂ ਵਿਭਾਗ ਦੇ ਮਿਹਨਤੀ ਅਧਿਆਪਕਾਂ ਦੀ ਸਮਰਪਿਤ ਭਾਵਨਾ ਅੱਗੇ ਸਭ ਔਕੜਾਂ ਢਹਿ ਢੇਰੀ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਚ ਕੰਮ ਕਰਦੇ ਅਧਿਆਪਕ ਆਗੂ ਭੁਪਿੰਦਰ ਸਿੰਘ ਮਾਇਸਰਖਾਨਾ,ਪਰਮਿੰਦਰ ਕੌਰ,ਗੁਰਪ੍ਰੀਤ ਸਿੰਘ ਚਹਿਲ ਦਾ ਸਕੂਲ ਦੇ ਸ਼ੁਰੂਆਤੀ ਔਖਾਂ ਵੇਲੇ ਵੀ ਵੱਡਾ ਯੋਗਦਾਨ ਰਿਹਾ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਖਬੀਰ ਸਿੰਘ ਅਤੇ ਐਲੀਮੈਂਟਰੀ ਡੀਈਓ ਹਰਦੀਪ ਸਿੰਘ ਤੱਗੜ ,ਡਿਪਟੀ ਡੀ ਈ ਓ ਸ਼ਿਵਪਾਲ ਗੋਇਲ ,ਬਲਜੀਤ ਸਿੰਘ ਸਦੋਹਾ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਦੌਰਾਨ ਦਾਖ਼ਲੇ ਵਧਾਉਣ ਲਈ ਵਿਭਾਗ ਅਤੇ ਅਧਿਆਪਕਾਂ ਦੀ ਸਹੀ ਯੋਜਨਾ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਦੀ ਘੌਰ ਤਪੱਸਿਆ ਅਤੇ ਸਿੱਖਿਆ ਵਿਭਾਗ ,ਅਧਿਆਪਕਾਂ ਦੀ ਸਕੂਲਾਂ ਨੂੰ ਸਮਾਰਟ ਬਣਾਕੇ ਹਾਈਟੈੱਕ ਸਾਹੂਲਤਾਂ ਨਾਲ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਸੋਚ ਨੇ ਨਵੀਂ ਤਬਦੀਲੀ ਲਿਆਦੀ ਹੈ।ਪੜ੍ਹੋ ਪੰਜਾਬ ਦੇ ਕੋਆਰਡੀਨੇਟਰ ਰਣਜੀਤ ਸਿੰਘ ਮਾਨ ,ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ, ਬਲਵੀਰ ਕਮਾਡੋ ਨੇ ਕਿਹਾ ਕਿ ਹਰ ਇੱਕ ਅਧਿਆਪਕ ਨੇ ਇਸ ਸਕੂਲ ਦੀ ਬੇਹਤਰੀ ਲਈ ਆਪਣਾ ਸਾਰਾ ਜ਼ੋਰ ਲਾਇਆ ਹੈ, ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਦੇ ਪਾੜ੍ਹਿਆਂ ਲਈ ਅਸਾਮੀਆਂ ਬਚਾਉਣੀਆਂ ਹਨ ਤਾਂ ਹਰ ਇੱਕ ਅਧਿਆਪਕ ਨੂੰ ਆਪਣੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਪਵੇਗਾ।