
ਫਗਵਾੜਾ 24 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਪੂਰਥਲਾ ਵਿਖੇ ਹੋਈਆਂ ਜਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਦੇ ਕਰਮਚਾਰੀ ਗੁਰਦੀਪ ਸਿੰਘ ਡੁਮੇਲੀ ਨੇ ਇੱਕ ਗੋਲਡ ਸਮੇਤ ਦੋ ਮੈਡਲ ਜਿੱਤ ਕੇ ਫਗਵਾੜਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗੱਲਬਾਤ ਦੌਰਾਨ ਸਪੋਰਟਸ ਮੈਨ ਗੁਰਦੀਪ ਸਿੰਘ ਡੁਮੇਲੀ ਨੇ ਦੱਸਿਆ ਕਿ ਉਸਨੇ 40 ਤੋਂ 50 ਸਾਲ ਉਮਰ ਵਰਗ ਦੇ ਡਿਸਕਸ ਥ੍ਰੋਅ ਮੁਕਾਬਲੇ ਵਿਚ ਗੋਲਡ ਮੈਡਲ ਜਦਕਿ ਸ਼ਾਟਪੁਟ ਮੁਕਾਬਲੇ ‘ਚ ਸਿਲਵਰ ਮੈਡਲ ਜਿੱਤਿਆ ਹੈ। ਇੱਥੇ ਜਿਕਰਯੋਗ ਹੈ ਕਿ ਗੁਰਦੀਪ ਸਿੰਘ ਡੁਮੇਲੀ ਨੇ ਐਥਲੈਟਿਕਸ ਵਿੱਚ ਨੈਸ਼ਨਲ ਪੱਧਰ ਤੇ ਕਈ ਪ੍ਰਾਪਤੀਆ ਕੀਤੀਆਂ ਹਨ ਅਤੇ ਨਾਲ ਹੀ ਦਫ਼ਤਰੀ ਪੱਧਰ ਤੇ ਵੀ ਆਪਣੀਆ ਵਧੀਆ ਸੇਵਾਵਾਂ ਨਿਭਾ ਰਿਹਾ ਹੈ। ਸਾਲ 2023-24 ਦੀ ਉੜੀਸਾ ਵਿਖੇ ਹੋਈ ਆਲ ਇੰਡੀਆ ਸਿਵਲ ਸਰਵਿਸਿਜ ਫੁੱਟਬਾਲ ਚੈਂਪੀਅਨਸ਼ਿਪ ਵਿਚ ਉਹ ਪੰਜਾਬ ਦੀ ਫੁੱਟਬਾਲ ਟੀਮ ਵਿਚ ਗੋਲਕੀਪਰ ਵਜੋਂ ਸ਼ਾਮਲ ਸੀ। ਖੇਡਾਂ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆ ਕਰਨ ਲਈ ਪਿਛਲੇ ਮਹੀਨੇ 78ਵੇਂ ਸੁਤੰਤਰਤਾ ਦਿਵਸ ਮੌਕੇ ਕਪੂਰਥਲਾ ਵਿਖੇ ਹੋਏ ਸਰਕਾਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਸੀ। ਡਿਸਕਸ ਥ੍ਰੋਅ ਅਤੇ ਸ਼ਾਟਪੁੱਟ ਵਿਚ ਗੋਲਡ ਤੇ ਸਿਲਵਰ ਮੈਡਲ ਜਿੱਤਣ ‘ਤੇ ਗੁਰਦੀਪ ਸਿੰਘ ਡੁਮੇਲੀ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਦੇ ਇੰਚਾਰਜ ਮੈਡਮ ਉਪਾਸਨਾ ਮਦਾਨ ਅਤੇ ਸਮੂਹ ਸਟਾਫ ਨੇ ਉਸਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਖੇਤਰ ਦਾ ਨਾਮ ਰੌਸ਼ਨ ਲਈ ਪ੍ਰੇਰਿਤ ਕੀਤਾ।
