ਮਾਨਸਾ, 14 ਜੂਨ:(ਸਾਰਾ ਯਹਾਂ/ ਮੁੱਖ ਸੰਪਾਦਕ)
ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਪੈਸਟ ਸਰਵੇਲੈਂਸ ਟੀਮ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਸਾਂਝੇ ਤੌਰ ’ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਬਲਾਕ ਝੁਨੀਰ ਦੇ ਪਿੰਡ ਮੀਆਂ, ਭਲਾਈ ਕੇ, ਸਾਹਨੇਵਾਲੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ ਸਿੰਘ ਨੇ ਦੱਸਿਆ ਕਿ ਸਰਵੇਖਣ ਦੌਰਾਨ ਜਿੰਨ੍ਹਾਂ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਹੈ ਉਥੇ ਨਰਮੇ ਦੀ ਅਗੇਤੀ ਬਿਜਾਈ ਕੀਤੀ ਹੋਈ ਸੀ ਅਤੇ ਇਹ ਹਮਲਾ ਖੇਤ ਦੇ ਬਾਹਰਲੇ ਹਿੱਸੇ ਵਿੱਚ ਪਾਇਆ ਗਿਆ। ਟੀਮ ਵੱਲੋਂ ਦੱਸਿਆ ਗਿਆ ਹੈ ਕਿ ਅਜੇ ਇਹ ਹਮਲਾ ਆਰਥਿਕ ਕਗਾਰ ਤੋਂ ਘੱਟ ਹੈ। ਸਰਵੇਖਣ ਕੀਤੇ ਗਏ ਦੂਸਰੇ ਖੇਤਾਂ ਵੱਚ ਗੁਲਾਬੀ ਸੁੰਡੀ ਦੇ ਸੰਕੇਤ ਨਹੀ ਮਿਲੇ। ਟੀਮ ਵੱਲੋਂ ਹਮਲੇ ਵਾਲੇ ਖੇਤਾਂ ਵਿੱਚ ਪ੍ਰੋਕਲੇਮ 100 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਛਿੜਕਾਅ ਕਰਨ ਤੋਂ ਪਹਿਲਾਂ ਹਮਲੇ ਵਾਲੇ ਫੁੱਲਾਂ ਨੂੰ ਤੋੜ ਕੇ ਜਮੀਨ ਵਿੱਚ ਦਬਾ ਦੇਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਗੁਲਾਬੀ ਸੁੰਡੀ ਦੇ ਵਿਸਥਾਰ ਨੂੰ ਰੋਕਿਆ ਜਾ ਸਕੇ ਅਤੇ ਫਸਲ ਨੂੰ ਬਚਾਇਆ ਜਾ ਸਕੇ। ਸਰਵੇਖਣ ਦੌਰਾਨ ਨਰਮੇ ਦੇ ਟੀਂਡਿਆਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਜ਼ਿਲ੍ਹੇ ਦੇ 250 ਖੇਤਾਂ ਵਿੱਚ ਫੀਰੋਮੋਨ ਟਰੈਪਸ ਲਗਾਏ ਜਾ ਚੁੱਕੇ ਹਨ, ਤਾਂ ਜੋ ਗੁਲਾਬੀ ਸੁੰਡੀ ਦੀ ਆਮਦ ਦੀ ਮੋਨੀਟਰਿੰਗ ਕਰਦੇ ਹੋਏ, ਸਮੇਂ ਸਿਰ ਕੰਟਰੋਲ ਕਰਨ ਲਈ ਪ੍ਰਬੰਧ ਕੀਤੇ ਜਾ ਸਕਣ।
ਸਰਵੇਖਣਟੀਮ ਵਿੱਚ ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ), ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ (ਟੀ.ਏ), ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਸ੍ਰੀ ਮਨਪ੍ਰੀਤ ਸਿੰਘ, ਏ.ਐਸ.ਆਈ ਤੋਂ,ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾ. ਰਣਵੀਰ ਸਿਘ, ਕੀਟ ਵਿਗਿਆਨੀ ਤੋਂ ਇਲਾਵਾ ਕਿਸਾਨ ਸ੍ਰੀ ਅਮਨਦੀਪ ਸਿੰਘ ਵਾਸੀ ਮੀਆਂ, ਸ੍ਰੀ ਗੁਰਸੇਵਕ ਸਿੰਘ ਪਿੰਡ ਮੀਆਂ ਅਤੇ ਸ੍ਰੀ ਅੰਗਰੇਜ਼ ਸਿੰਘ ਪਿੰਡ ਮੀਆਂ ਹਾਜ਼ਰ ਸਨ।