ਬੁਢਲਾਡਾ, 04 ਸਤੰਬਰ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਗੁਰੂ ਨਾਨਕ ਕਾਲਜ ਬੁਢਲਾਡਾ ਦੀ ਵਿਦਿਆਰਥਣ ਅੰਡਰ ਅਫ਼ਸਰ ਖੁਸ਼ਵਿੰਦਰ ਕੌਰ ਦੀ ਥਲ ਸੈਨਾ ਕੈਂਪ ਵਿੱਚ ਚੋਣ ਹੋਈ ਹੈ। ਆਲ ਇੰਡੀਆ ਥਲ ਸੈਨਾ ਕੈਂਪ ਵਿੱਚ ਚੋਣ ਹੋਣ ‘ਤੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਗੁਰੂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਅਜਿਹੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਐੱਨਸੀਸੀ ਅਫ਼ਸਰ ਏ.ਐੱਨ. ਓ. ਲੈਫ਼ਟੀਨੈਂਟ ਕੁਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁਸ਼ਵਿੰਦਰ ਕੌਰ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਐੱਨਸੀਸੀ ਦੇ ਵੱਖ-ਵੱਖ ਕੈਂਪਾਂ ਵਿੱਚ ਭਾਗ ਲੈ ਕੇ ਸੰਸਥਾ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ 2 ਸਤੰਬਰ ਤੋਂ 12 ਸਤੰਬਰ ਡੀ.ਜੀ.ਐੱਨਸੀਸੀ ਦਿੱਲੀ ਕੈਂਟ ਵਿਖੇ ਹੋਵੇਗਾ, ਜਿਸ ਵਿੱਚ ਪੂਰੇ ਦੇਸ਼ ਦੇ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 680 ਲੜਕੀਆਂ ਅਤੇ 847 ਲੜਕਿਆਂ ਸਮੇਤ 1547 ਕੈਡਿਟਸ ਭਾਗ ਲੈਣਗੇ। ਖੁਸ਼ਵਿੰਦਰ ਕੌਰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਡਾਇਰੈਕਟ ਰੇਡ ਤੋਂ 550 ਕੈਡਿਟਾਂ ਵਿੱਚੋਂ ਚੁਣੀ ਗਈ ਹੈ। ਇਹ ਵਿਦਿਆਰਥਣ ਪੰਜਾਬ ਹਰਿਆਣਾ ਅਤੇ ਹਿਮਾਚਲ ਡਾਇਰੈਕਟਰ ਰੇਟ ਦੀ ਪ੍ਰਤਿਨਿਧਤਾ ਕਰੇਗੀ। ਥਲ ਸੈਨਾ ਕੈਂਪ ਵਿੱਚ ਫਾਇਰਿੰਗ,ਓਬਸਟਕਲ, ਮੈਪ ਰੀਡਿੰਗ, ਹੈਲਥ ਐਂਡ ਹਾਈਜ਼ਨ, ਟੈਂਟ ਪੀਚਿੰਗ, ਸ਼ੂਟਿੰਗ, ਜਜਿੰਗ ਡਿਸਟੈਂਸ ਐਂਡ ਫੀਲਡ ਸਿਗਨਲ ਆਦਿ ਕੰਪੀਟੀਸ਼ਨ ਹੁੰਦੇ ਹਨ। ਇਨ੍ਹਾਂ ਵਿੱਚੋਂ ਉਸਦੀ ਮੈਪ ਰੀਡਿੰਗ ਕੰਪੀਟੀਸ਼ਨ ਵਿੱਚ ਚੋਣ ਹੋਈ ਹੈ। ਉਹਨਾਂ ਦੱਸਿਆ ਕਿ ਕਾਲਜ ਵਿੱਚ ਐੱਨਸੀਸੀ ਕੈਡਿਟ ਦੀ ਟ੍ਰੇਨਿੰਗ ਬਹੁਤ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਸਹਿਤ ਕਰਵਾਈ ਜਾਂਦੀ ਹੈ, ਜਿਸ ਨਾਲ ਕੈਡਿਟ ਬਹੁਤ ਵਧੀਆ ਮੁਕਾਮ ਹਾਸਲ ਕਰ ਰਹੇ ਹਨ।