ਫਰੀਦਕੋਟ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿੱਚ, ਸ਼ਨੀਵਾਰ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਡੇਰਾ ਸੱਚਾ ਸੌਦਾ ਦੇ ਸੱਤ ਪੈਰੋਕਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ।ਜਿਸ ਕਾਰਨ ਸਾਲ 2015 ਵਿੱਚ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਹੋਏ ਸਨ।
ਇਹ ਮਾਮਲਾ 1 ਜੂਨ 2015 ਦਾ ਹੈ ਜਦੋਂ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਸਨ।ਇਸ ਮਾਮਲੇ ਨੂੰ ਲੈ ਕੇ ਰਾਜ ਵਿੱਚ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਸੀ। ਬਾਅਦ ਵਿੱਚ, ਇਸੇ ਕੇਸ ਦੇ ਵਿਰੋਧ ਵਿੱਚ, ਜਦੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਧਰਨੇ ‘ਤੇ ਬੈਠੇ ਲੋਕਾਂ ਨੂੰ ਖਦੇੜਣ ਲਈ ਪੁਲਿਸ ਨੇ ਗੋਲੀਬਾਰੀ ਕੀਤੀ ਤਾਂ ਦੋ ਲੋਕਾਂ ਦੀ ਜਾਨ ਚਲੀ ਗਈ। ਐਸਆਈਟੀ ਨੇ ਹੁਣ ਫਰੀਦਕੋਟ ਦੇ ਬਾਜਾਖਾਨਾ ਥਾਣੇ ਵਿੱਚ ਦਰਜ ਚੋਰੀ ਅਤੇ ਬੇਅਦਬੀ ਮਾਮਲੇ ਵਿੱਚ ਦਰਜ ਕੇਸ ਦੇ ਅਧਾਰ ’ਤੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੱਤ ਮੁਲਜ਼ਮਾਂ ਦੀ ਪਛਾਣ ਸੁਖਜਿੰਦਰ ਸਿੰਘ, ਨੀਲਾ, ਰਣਜੀਤ, ਭੋਲਾ, ਨਿਸ਼ਾਨ, ਬਲਜੀਤ ਸਿੰਘ ਅਤੇ ਨਰਿੰਦਰ ਸ਼ਰਮਾ ਸਾਰੇ ਵਾਸੀ ਫਰੀਦਕੋਟ ਵਜੋਂ ਹੋਈ ਹੈ।ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅੱਜ ਬਾਅਦ ਦੁਪਹਿਰ ਅਦਾਲਤ ‘ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਤਿੰਨਾਂ ਬੇਅਦਬੀ ਘਟਨਾਵਾਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਸੀ। ਪਹਿਲਾ ਕੇਸ 1 ਜੂਨ, 2015 ਨੂੰ ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ਨੇੜੇ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਬੀੜ ਸਾਹਿਬ (ਗੁਰੂ ਗ੍ਰੰਥ ਸਾਹਿਬ ਦੀ ਕਾਪੀ) ਚੋਰੀ ਦਾ ਹੈ। ਦੂਜਾ ਜ਼ਿਲ੍ਹੇ ਦੇ ਬਰਗਾੜੀ ਪਿੰਡ ਵਿਖੇ 25 ਸਤੰਬਰ, 2015 ਨੂੰ ਇੱਕ ਪੋਸਟਰ ਲਾਉਣਾ ਸੀ।ਤੀਸਰਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਸੀ ਕਿਉਂਕਿ ਬੀੜ ਸਾਹਿਬ ਦੇ ਫਟੇ ਹੋਏ ਪੰਨੇ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਇਕ ਗੁਰਦੁਆਰੇ ਦੇ ਸਾਹਮਣੇ ਖਿੰਡੇ ਹੋਏ ਮਿਲੇ ਸਨ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਹਾਲਾਂਕਿ ਸੀਬੀਆਈ ਤੋਂ ਕੇਸ ਵਾਪਸ ਲੈ ਲਏ ਅਤੇ ਇਸ ਦੀ ਜਾਂਚ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਸੌਂਪ ਦਿੱਤੇ।ਇਸ ਕੇਸ ‘ਚ ਇਹ ਕਾਰਵਾਈ ਐਸਆਈਟੀ ਦੀ ਪਹਿਲੀ ਕਾਰਵਾਈ ਹੈ।