
ਅੰਮ੍ਰਿਤਸਰ 10 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਵਿਧਾਨ ਸਭਾ ਚੋਣਾਂ ਲਈ ‘ਡਿਜੀਟਲ ਡੋਰ ਟੂ ਡੋਰ ਕੈਂਪੇਨ’ ਲਾਂਚ ਕੀਤਾ ਹੈ। ਵੀਰਵਾਰ ਨੂੰ ਮਾਨ ਨੇ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਡਿਜੀਟਲ ਕੈਂਪੇਨ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ 98827 98827 ਨੰਬਰ ‘ਤੇ ਮਿਸ ਕਾਲ ਕਰਕੇ ਜਾਂ https://9k$aukaejr}wa&©u.com ਵੈੱਬਸਾਈਟ ‘ਤੇ ਕਲਿੱਕ ਕਰਕੇ ਸਿੱਧੇ ਮੈਨੂੰ ਅਤੇ ‘ਆਪ’ ਸੁਪਰੀਮੋ ਕੇਜਰੀਵਾਲ ਤੋਂ ਪੰਜਾਬ ਦੇ 11 ਅਹਿਮ ਮੁੱਦਿਆਂ ‘ਤੇ ਸਵਾਲ ਕਰ ਸਕਦੇ ਹਨ।
ਇਸ ਡਿਜੀਟਲ ਮੁਹਿੰਮ ਤਹਿਤ ਨੰਬਰ ‘ਤੇ ਮਿਸ ਕਾਲ ਕਰਨ ਤੋਂ ਬਾਅਦ ਮੋਬਾਈਲ ‘ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਮੈਸੇਜ ਆਵੇਗਾ। ਉਸ ‘ਤੇ ਕਲਿੱਕ ਕਰਨ ਨਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਡਿਜੀਟਲ ਤੌਰ ‘ਤੇ ਉਨਾਂ ਦਾ ਬੂਹਾ ਖੜਕਾਉਣਗੇ। ਘਰ ਦੇ ਅੰਦਰ ਵੜਕੇ ਉਨਾਂ ਦੇ ਸਵਾਲ ਜਾਣਨਗੇ। ਲੋਕ ਪੰਜਾਬ ਨਾਲ ਸਬੰਧਤ 11 ਅਹਿਮ ਮੁੱਦਿਆਂ ਜਿਵੇਂ ਕਿ ਸਿੱਖਿਆ, ਸਿਹਤ, ਬਿਜਲੀ, ਐਸਸੀ ਭਾਈਚਾਰਾ, ਔਰਤਾਂ ਦੀ ਸੁਰੱਖਿਆ, ਅਮਨ-ਕਾਨੂੰਨ, ਖੇਤੀਬਾੜੀ, ਨਸਾ ਮੁਕਤ ਪੰਜਾਬ, ਰੁਜਗਾਰ, ਵਪਾਰ ਅਤੇ ਭ੍ਰਿਸਟਾਚਾਰ ਤੋਂ ਮੁਕਤੀ ‘ਤੇ ਸਵਾਲ ਪੁੱਛ ਸਕਦੇ ਹਨ। ਮਾਨ ਅਤੇ ਕੇਜਰੀਵਾਲ ਦੋਵੇਂ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਲੋਕ ਹੁਣ ਬਦਲਾਅ ਚਾਹੁੰਦੇ ਹਨ। ਬਦਲਾਅ ਲਈ ਲੋਕਾਂ ਦੀ ਇੱਕੋ ਇੱਕ ਪਸੰਦ ਆਮ ਆਦਮੀ ਪਾਰਟੀ ਹੈ। ਅਸੀਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ ਜਾਣਨ ਵਾਲੇ, ਪੜੇ-ਲਿਖੇ, ਯੋਗ ਅਤੇ ਆਮ ਘਰਾਂ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਖੜੇ ਕੀਤੇ ਹਨ। 20 ਫਰਵਰੀ ਨੂੰ ਪੰਜਾਬ ਦੇ ਲੋਕ ਆਪਣੀ ਅਤੇ ਪੰਜਾਬ ਦੀ ਕਿਸਮਤ ਲਿਖਣਗੇ। ਲੋਕ ਇਸ ਵਾਰ ਆਪਣੇ ਬੱਚਿਆਂ ਦੀ ਤਕਦੀਰ ਬਦਲਣ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।
