*ਗੁਰਮੀਤ ਸਿੰਘ ਖੁੱਡੀਆਂ ਨੂੰ ‘ਖੁਦ’ ਦੇ ਬੂਥ ਤੋਂ ਨਾ ਜਿਤਾ ਸਕੇ  ‘ਪ੍ਰਿੰਸੀਪਲ ਬੁੱਧ ਰਾਮ’*

0
1617

10 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਚੋਂ 42.02 ਫ਼ੀਸਦੀ ਵੋਟਾਂ ਨਾਲ 92 ਸੀਟਾਂ ਪ੍ਰਾਪਤ ਕਰਕੇ ਬਾਕੀ ਰਾਜਨੀਤਕ ਪਾਰਟੀਆਂ ਦਾ ਸੂਪੜਾ ਸਾਫ਼ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਮਹਿਜ਼ 2 ਸਾਲ ਦੇ ਕਾਰਜਕਾਲ ਬਾਅਦ, ਹਾਲ ਹੀ ਚ ਹੋਈਆਂ 18ਵੀਆਂ ਲੋਕ ਸਭਾ ਚੋਣਾਂ 13 ਚੋਂ ਸਿਰਫ਼ 3 ਸੀਟਾਂ ਉੱਤੇ ਆਪਣੀ ਜਿੱਤ ਦਰਜ ਕਰ ਪਾਉਣ ਦੀ ਗੱਲ ਜਿੱਥੇ ਸਿਆਸੀ ਗਲਿਆਰਿਆਂ ਚ ਚਰਚਾ ਬਣੀ ਹੋਈ ਹੈ। ਉਥੇ 2022 ਚ ਦਿਓ ਕੱਦ ਸਾਬਤ ਹੋਣ ਵਾਲੀ ਆਮ ਆਦਮੀ ਪਾਰਟੀ ਦੇ ਲੋਕ ਅਧਾਰ ਦਾ ‘ਸੁੰਘੜ ਜਾਣ’ ਦੀ ਗੱਲ ਪਾਰਟੀ ਲੀਡਰਸ਼ਿਪ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਬਾਅਦ ਇਖਲਾਕੀ ਤੌਰ ਤੇ ਪਾਰਟੀ ਦੀ ਇਸ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਬਣ ਜਾਂਦੀ ਹੈ।ਚੋਣ ਵਿਸ਼ਲੇਸ਼ਣ ਦੌਰਾਨ ਇਹ ਗੱਲ ਉੱਭਰ’ਕੇ ਸਾਹਮਣੇ ਆਈ ਹੈ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਇਨ੍ਹਾਂ ਚੋਣਾਂ ਚ ਆਪਣਾ ਵਕਾਰ ਗੁਆ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਕੁਮਾਰ ਸਿੰਗਲਾ ਨੇ 100023 ਵੋਟਾਂ ਨਾਲ ਰਿਕਾਰਡ ਜਿੱਤ ਦਰਜ ਕੀਤੀ। ਭਾਵੇਂ ਹਾਲ ਦੀਆਂ ਚੋਣਾਂ ਵਿੱਚ ਮਾਨਸਾ ਵਿਧਾਨ ਸਭਾ ਤੋਂ 6946 ਵੋਟਾਂ ਦੀ ਲੀਡ ਪ੍ਰਾਪਤ ਕੀਤੀ ਹੈ ਪਰ 2022 ਦੀਆਂ ਚੋਣਾਂ ਨਾਲੋਂ 93077 ਵੋਟਾਂ ਘੱਟ ਪ੍ਰਾਪਤ ਹੋਈਆਂ ਹਨ।ਏਸੇ ਤਰ੍ਹਾਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ 75 ਹਜ਼ਾਰ 817 ਦੀਆਂ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਹਲਕੇ ਚੋਂ ਭਾਵੇਂ ਇਨ੍ਹਾਂ ਲੋਕ ਸਭਾ ਚੋਣਾਂ ਚ ਆਪਣੇ ਹਲਕੇ ਤੋਂ 5136 ਵੋਟਾਂ, ਮੁੱਖ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਵੱਧ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਜਿੱਤ ਦਾ ਦਾਅਵਾ ਠੋਕਿਆ ਹੈ ਪਰ  2022 ਦੀਆਂ ਵਿਧਾਨ ਸਭਾ ਨਾਲੋਂ ਹਲਕਾ ਸਰਦੂਲਗੜ੍ਹ ਵਿੱਚ ਆਮ ਆਦਮੀ ਪਾਰਟੀ ਦੀਆਂ 36 ਹਜ਼ਾਰ 235 ਵੋਟਾਂ ਘਟੀਆਂ ਦਰਜ ਹਨ।ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੇ ਹਲਕੇ ਬੁਢਲਾਡਾ ਦੀ ਗੱਲ ਕਰੀਏ ਤਾਂ ਤਿੰਨਾਂ ਵਿਧਾਨ ਸਭਾ ਹਲਕਿਆਂ ਚੋਂ ਆਮ ਆਦਮੀ ਪਾਰਟੀ ਦੀ ਨਮੋਸ਼ੀ ਜਨਕ ਹਾਰ ਇਥੋਂ ਹੋਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਲੋਕਾਂ ਨੇ ਪ੍ਰਿੰਸੀਪਲ ਬੁੱਧ ਰਾਮ ਨੂੰ 51 ਹਜ਼ਾਰ 691 ਵੋਟਾਂ ਨਾਲ ਰਿਕਾਰਡ ਜਿੱਤ ਦਰਜ਼ ਕਰਵਾਈ ਸੀ ਪਰ ਇਨ੍ਹਾਂ ਲੋਕ ਸਭਾ ਚੋਣਾਂ ਚ ਪਾਰਟੀ ਦੀ ਹਾਰ ਦਰਜ ਹੋਈ ਹੈ।ਪ੍ਰਿੰਸੀਪਲ ਬੁੱਧ ਰਾਮ ਦੇ ਜੱਦੀ ਹਲਕੇ ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 7196 ਵੋਟਾਂ ਨਾਲ ਹਰਾਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਹਾਕਮ ਵਾਲਾ ਨੇ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿੱਤਾ ਕੇ ਭੇਜਿਆ ਹੈ।ਇਸ ਨਾਲ ਜਿੱਥੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਹਾਕਮ ਵਾਲਾ ਦਾ ਸਿਆਸੀ ਕੱਦ ਉੱਚਾ ਹੋਇਆ ਦਰਜ ਕੀਤਾ ਗਿਆ ਹੈ ਉਥੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਵਿਧਾਨ ਸਭਾ ਚੋਣਾਂ ਨਾਲੋਂ 58 ਹਜ਼ਾਰ 887 ਵੋਟਰਾਂ ਨੂੰ ਪਾਰਟੀ ਤੋਂ ਦੂਰ ਧੱਕ ਚੁੱਕੇ ਹਨ।

ਓਧਰ ਏਸ ਨਮੋਸ਼ੀ ਜਨਕ ਹਾਰ ਲਈ ਉਸ ਦੀ ਆਪਣੀ ਪਾਰਟੀ ਦੇ ਟਕਸਾਲੀ ਵਰਕਰ ਪ੍ਰਿੰਸੀਪਲ ਬੁੱਧ ਰਾਮ ਦੇ ਹੰਕਾਰੀ,ਅੱਖੜ ਅਤੇ ਬਦਲਾਖੋਰੀ ਵਾਲੇ ਰਵੱਈਏ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਪ੍ਰਿੰਸੀਪਲ ਬੁੱਧ ਰਾਮ ਦੇ ਇਸ ਤਰ੍ਹਾਂ ਦੇ ਰਵੱਈਏ ਪਿੱਛੇ ਉਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕੀਤਾ ਜਾਣਾ ਵੀ ਹੈ। ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੁਆਰਾ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬੁਢਲਾਡਾ ਹਲਕੇ ਵਿੱਚ ਕੀਤੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਬੁੱਧ ਰਾਮ ਦੀ ਉੱਚ ਵਿੱਦਿਅਕ ਯੋਗਤਾ ਦਾ ਹਵਾਲਾ ਦੇਕੇ ਉਨ੍ਹਾਂ ਨੂੰ ਸਿੱਖਿਆ ਮੰਤਰੀ ਵਰਗੇ ਵੱਕਾਰੀ ਅਹੁਦੇ ਦੀ ਜ਼ਿੰਮੇਵਾਰੀ ਦੇਣ ਦੀਆਂ ਗੱਲਾਂ ਕਹੀਆਂ ਗਈਆਂ ਸਨ ਪਰ ਬਾਅਦ ਚ ਪਾਰਟੀ ਵੱਲੋਂ ਮੰਤਰੀ ਮੰਡਲ ਚ ਸ਼ਾਮਲ ਕਰਨ ਬਾਰੇ ਪ੍ਰਿੰਸੀਪਲ ਬੁੱਧ ਰਾਮ ਨੂੰ ਬਚਾਰਿਆ ਤੱਕ ਨਹੀਂ ਗਿਆ।ਜਿਸ ਉੱਪਰ ਪ੍ਰਿੰਸੀਪਲ ਬੁੱਧ ਰਾਮ ਪਾਰਟੀ ਤੋਂ ਮਾਯੂਸ ਦੱਸੇ ਜਾ ਰਹੇ ਹਨ ਜਿਸ ਦੇ ਚਲਦਿਆਂ ਉਨ੍ਹਾਂ ਦਾ ਅੱਖੜ ਰਵੱਈਆ ਲਗਾਤਾਰ ਜਾਰੀ ਰਿਹਾ। ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਟਕਸਾਲੀ ਵਰਕਰਾਂ ਨੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀਆਂ ਜਨ ਸਭਾਵਾਂ ਵਿੱਚ ਇਹ ਗੱਲਾਂ ਸ਼ਰੇਆਮ ਕਹੀਆਂ ਕਿ ਸਾਡੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਾਡਾ ਬੇੜਾ ਬਿਠਾਤਾ.. ਸਾਡੀ ਇੱਕ ਨਹੀਂ ਸੁਣਦਾ।ਇਥੇ ਹੀ ਬੱਸ ਨਹੀਂ, ਇਹ ਵੀ ਕਿਹਾ ਗਿਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਚਾਪਲੂਸ ਕਿਸਮ ਦੇ ਲੋਕਾਂ ਨੂੰ ਪਾਰਟੀ ਚ ਸ਼ਾਮਲ ਕਰਕੇ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ ਜਦਕਿ ਪੁਰਾਣੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੈ।ਇਹੀ ਕਾਰਨ ਹੈ ਕਿ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧ ਦੀ ਹਵਾ ਝੁੱਲੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਸ਼ੀਏ ਤੇ ਧੱਕੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਿੰਸੀਪਲ ਬੁੱਧ ਰਾਮ ਦੀ ਸਿਆਸੀ ਸਲਤਨਤ ਨੂੰ ਢੇਹ-ਢੇਰੀ ਕਰ ਦਿੱਤਾ। ਆਪਣੇ ਜੱਦੀ ਹਲਕੇ ਤੋਂ ਪਰਾਟੀ ਨੂੰ ਹਾਰ ਦਾ ਮੂੰਹ ਦਿਖਾਉਣ ਵਾਲੇ ਪ੍ਰਿੰਸੀਪਲ ਬੁੱਧ ਰਾਮ ਆਪਣੇ ਖੁਦ ਦੇ ਪੋਲਿੰਗ ਬੂਥ ਤੋਂ ਆਪਣੇ ਪਾਰਟੀ ਉਮੀਦਵਾਰ ਨੂੰ ਨਾਂ ਜਿਤਾ ਸਕੇ। ਪ੍ਰਿੰਸੀਪਲ ਬੁੱਧ ਰਾਮ ਦੇ ਖੁਦ ਦੇ ਪੋਲਿੰਗ ਬੂਥ ਨੰਬਰ 50 ਤੋਂ ਆਮ ਆਦਮੀ ਪਾਰਟੀ ਨੂੰ ਮਹਿਜ਼ 143 ਵੋਟਾਂ ਪ੍ਰਾਪਤ ਹੋਈਆਂ ਹਨ,ਜਦਕਿ ਮੁੱਖ ਵਿਰੋਧੀ ਧਿਰ ਸ੍ਰੋਮਣੀ ਅਕਾਲੀ ਦਲ ਨੂੰ ਉਥੋਂ 325 ਵੋਟਾਂ ਪ੍ਰਾਪਤ ਹੋਈਆਂ। ਭਾਵ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਿੰਸੀਪਲ ਬੁੱਧ ਰਾਮ ਨੂੰ ਉਸਦੇ ਆਪਣੇ ਥੂਥ ਤੋਂ 182 ਵੋਟਾਂ ਨਾਲ ਪਛਾੜਿਆ ਗਿਆ ਹੈ। ਪਾਰਟੀ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀ ਨੂੰ ਆਪਣੇ ਘਰ ਚ ਹਾਰ ਮਿਲਣਾ ਵੱਡੇ ਸੰਕੇਤ ਜ਼ਾਹਰ ਕਰਦੇ ਹਨ।

ਬੁਢਲਾਡਾ ਸ਼ਹਿਰ ਦੀ ਗੱਲ ਕਰੀਏ ਤਾਂ ਵੱਖ ਵੱਖ ਪੋਲਿੰਗ ਬੂਥਾਂ ਤੋਂ ਆਮ ਆਦਮੀ ਪਾਰਟੀ ਨੂੰ ਮਹਿਜ਼ 5034 ਵੋਟਾਂ ਪ੍ਰਾਪਤ ਹੋਈਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪ ਤੋਂ 1089 ਵੱਧ ਭਾਵ 6123 ਵੋਟਾਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਬੋਹਾ ਸ਼ਹਿਰ ਦੇ ਇੱਕੋ ਇੱਕ ਬੂਥ ਨੰਬਰ 168 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਬਰਾਬਰ-ਬਰਾਬਰ (158-158) ਵੋਟਾਂ ਪ੍ਰਾਪਤ ਹੋਈਆਂ ਹਨ, ਜਾਂ ਇਹ ਕਹਿ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਰਸ਼ਨ ਘਾਰੂ ਆਪਣੇ ਪੋਲਿੰਗ ਬੂਥ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਵੋਟਾਂ ਪ੍ਰਾਪਤ ਕਰਕੇ ਆਪਣੀ ਪੱਤ ਬਚਾਉਣ ਵਿੱਚ ਸਫਲ ਹੋਏ ਹਨ।

ਜਦਕਿ ਬਾਕੀ ਸਾਰੇ ਦੇ ਬੂਥਾਂ ਉੱਪਰ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਦਰਜ ਕੀਤੀ ਗਈ ਹੈ। ਬੋਹਾ ਸ਼ਹਿਰ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ 1121 ਵੋਟਾਂ ਨਾਲ ਪਛਾੜਿਆ ਗਿਆ ਹੈ। ਏਸੇ ਤਰ੍ਹਾਂ ਬਰੇਟਾ ਸ਼ਹਿਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ 361 ਵੋਟਾਂ ਦੇ ਅੰਤਰ ਨਾਲ ਪਛਾੜਿਆ ਹੈ। 

ਇਸੇ ਤਰ੍ਹਾਂ ਪ੍ਰਿੰਸੀਪਲ ਬੁੱਧ ਰਾਮ ਦੇ ਖਾਸਮ-ਖਾਸ ਤੇ ਨਜ਼ਦੀਕ ਰਿਸ਼ਤੇਦਾਰ ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਜਿੰਨ੍ਹਾਂ ਨੂੰ ਆਮ ਆਦਮੀ ਪਾਰਟੀ (ਐਸ.ਸੀ ਵਿੰਗ) ਦੇ ਸੂਬਾਈ ਆਗੂ ਅਤੇ ਬਲਾਕ ਪ੍ਰਧਾਨ ਦੇ ਵੱਕਾਰੀ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ, ਦੇ ਆਪਣੇ ਪਿੰਡ ਸੇਰਖਾਂ ਵਾਲਾ ਵਿੱਚ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਆਪ ਨੂੰ ਕੇਵਲ 290 ਵੋਟਾਂ ਮਿਲੀਆਂ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੂੰ 393 ਵੋਟਾਂ ਦੀ ਰਿਕਾਰਡ ਜਿੱਤ ਪ੍ਰਾਪਤ ਹੋਈ ਹੈ। 

ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਖੁਡਾਲ ਨੂੰ ਆਪਣੇ ਪਿੰਡ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 110 ਅਤੇ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਆਪਣੇ ਪੋਲਿੰਗ ਬੂਥ ਤੋਂ 80  ਵੋਟਾਂ ਦੇ ਫ਼ਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਹੱਥੋਂ ਪਾਰਟੀ ਹਾਰ ਦਾ ਮੂੰਹ ਦੇਖਣਾ ਪਿਆ ਜਦਕਿ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ ਆਪਣੇ ਪਿੰਡ ਵਿੱਚ ਆਪਣੀ ਇੱਜ਼ਤ ਬਚਾਕੇ ਰੱਖਣ ਵਿੱਚ ਕਾਮਯਾਬ ਹੋਏ ਹਨ।ਜਿਨ੍ਹਾਂ ਨੇ 53 ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਿਆ ਹੈ। 

ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨਾਂ ਦੀ ਭੂਮਿਕਾ ਦਾ ਵਿਸ਼ਲੇਸ਼ਣ ਦੇਖੀਏ ਤਾਂ ਬੁਢਲਾਡਾ ਦੇ ਸ਼ਹਿਰੀ ਪ੍ਰਧਾਨ ਅਤੇ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਸੁਖਪਾਲ ਸਿੰਘ ਆਪਣੇ ਬੂਥ ਚ 3 ਵੋਟਾਂ ਦੇ ਅੰਤਰ ਨਾਲ ਕਾਂਗਰਸ ਦੇ ਉਮੀਦਵਾਰ ਤੋਂ ਪਛੜ ਗਏ ਹਨ, ਜਦਕਿ ਬਰੇਟਾ ਦੇ ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ ਨੂੰ ਆਪਣੇ ਪੋਲਿੰਗ ਬੂਥ ਉੱਪਰ ਵੀ 35 ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਬੋਹਾ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਫ਼ੌਜੀ ਦੇ ਆਪਣੇ ਪੋਲਿੰਗ ਬੂਥ ਨੰਬਰ 172 ਤੋਂ ਵੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਜਿੱਥੇ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ (297) ਦੇ ਮੁਕਾਬਲੇ 128 ਵੋਟਾਂ ਉੱਤੇ ਸਬਰ ਕਰਨਾ ਪਿਆ। ਕਰਮਜੀਤ ਸਿੰਘ ਫ਼ੌਜੀ ਦੇ ਪੋਲਿੰਗ ਬੂਥ ਉੱਪਰ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ 169 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ।

ਅਕਾਲੀ ਦਲ ਤੋਂ ਵਾਇਆ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਹੁੰਦੇ ਹੋਏ ਅੱਜ ਆਮ ਆਦਮੀ ਪਾਰਟੀ ਤੱਕ ਪਹੁੰਚੇ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੁਆਰਾ ਲਗਜ਼ਰੀ ਅਹੁਦੇ ਨਾਲ ਨਿਵਾਜ਼ੇ ਗਏ ਕੋਆਪਰੇਟਿਵ ਬੈਂਕਾਂ ਦੇ ਜ਼ਿਲ੍ਹਾ ਚੇਅਰਮੈਨ ਸੋਹਣ ਸਿੰਘ ਕਲੀਪੁਰ ਨੂੰ ਵੀ ਉਸਦੇ ਪਿੰਡ ਦੇ ਲੋਕਾਂ ਨੇ ਮੂੰਹ ਨਾ ਲਾਇਆ। ਜਿੱਥੇ ਪੋਲਿੰਗ ਬੂਥ ਨੰਬਰ 127 ਅਤੇ 128 ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 664 ਵੋਟਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮਹਿਜ਼ 458 ਵੋਟਾਂ ਹੀ ਪ੍ਰਾਪਤ ਹੋਈਆਂ। ਕਲੀਪੁਰ ਚ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੇ ਮੁਕਾਬਲੇ 206 ਵੋਟਾਂ ਦੇ ਫ਼ਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ।

ਪਾਰਟੀ ਦੇ ਟਕਸਾਲੀ ਵਰਕਰ, ਇਮਾਨਦਾਰ ਨੇਤਾ ਅਤੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਸਭ ਦੇ ਦੁੱਖਾਂ-ਸੁੱਖਾਂ ਚ ਸ਼ਰੀਕ ਹੋਣ ਵਾਲੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਪਿਛਲੇ ਕੁਝ ਸਮੇਂ ਤੋਂ ਆਪਣੀ ਰਿਹਾਇਸ਼ ਭਾਵੇਂ ਮਾਨਸਾ ਵਿਖੇ ਕੀਤੀ ਹੋਈ ਹੈ ਪਰ ਪਿੰਡ ਤੋਂ ਦੂਰ ਰਹਿਕੇ ਵੀ ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਗਿਆ ਹੈ। ਜਿੱਥੇ ਅਕਾਲੀ ਦਲ ਨੂੰ ਮਹਿਜ਼ 255 ਵੋਟਾਂ ‘ਤੇ ਸਬਰ ਕਰਨਾ ਪਿਆ ਜਦਕਿ ਆਮ ਆਦਮੀ ਪਾਰਟੀ ਨੇ 530 ਵੋਟਾਂ ਪ੍ਰਾਪਤ ਕਰਕੇ 288 ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ਼ ਕਰਵਾਈ ਹੈ।

ਕੁੱਲ ਮਿਲਾਕੇ ਆਮ ਆਦਮੀ ਪਾਰਟੀ ਦਾ ਢਾਂਚਾ  ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੀ ਖ਼ੁਦਮੁਖ਼ਤਿਆਰੀ ਵਾਲੇ ਹਲਕੇ ਚ ਬੁਰੀ ਤਰ੍ਹਾਂ ਉੱਖੜ ਚੁੱਕਾ ਹੈ। ਜਿਸ ਨੂੰ ਮੁੜ ਲੀਹਾਂ ਉਤੇ ਪਾਉਣ ਲਈ ਪਾਰਟੀ ਕਿਸੇ ਵੱਡੇ ਆਗੂ ਦੀ ਬਲੀ ਮੰਗਦੀ ਹੈ।

LEAVE A REPLY

Please enter your comment!
Please enter your name here