*ਗੁਰਮੀਤ ਬਾਵਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਕਲਾ ਜਗਤ ਦੀਆਂ ਕਈ ਸ਼ਖ਼ਸੀਅਤਾਂ ਪਹੁੰਚੀਆਂ*

0
59

ਅੰਮ੍ਰਿਤਸਰ 22,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜ ਦਹਾਕਿਆਂ ਤਕ ਆਪਣੇ ਦਮ ਤੇ ਲੰਬੀ ਹੇਕ ਨਾਲ ਰਵਾਇਤੀ ਪੰਜਾਬੀ ਗਾਇਕੀ ਦੀ ਸੇਵਾ ਕਰਨ ਵਾਲੀ ਗੁਰਮੀਤ ਬਾਵਾ ਦਾ ਅੱਜ ਸਰਕਾਰ ਕੀਤਾ ਗਿਆ। ਉਨ੍ਹਾਂ ਦਾ ਬੀਤੇ ਕੱਲ੍ਹ ਸਵਰਗਵਾਸ ਹੋ ਗਿਆ ਸੀ। ਅੱਜ ਉਨ੍ਹਾਂ ਸੰਸਕਾਰ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਸ਼ਹੀਦਾਂ ਵਿਖੇ ਕੀਤਾ ਗਿਆ। ਇੱਥੇ ਵੱਡੀ ਗਿਣਤੀ ‘ਚ ਪੁੱਜੇ ਸ਼ਹਿਰ ਵਾਸੀਆਂ ਤੇ ਕਲਾ ਜਗਤ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਨਮ ਅੱਖਾਂ ਨਾਲ ਗੁਰਮੀਤ ਬਾਵਾ ਨੂੰ ਅੰਤਮ ਵਿਦਾਇਗੀ ਦਿੱਤੀ।

ਗੁਰਮੀਤ ਬਾਵਾ ਦੇ ਸਸਕਾਰ ਮੌਕੇ ਪੂਰਨ ਚੰਦ ਵਡਾਲੀ, ਸਤਿੰਦਰ ਸੱਤੀ, ਜਤਿੰਦਰ ਕੌਰ, ਦਲਵਿੰਦਰ ਦਿਆਲਪੁਰੀ, ਹਰਪਾਲ ਠੱਠੇਵਾਲਾ, ਸ਼ਾਇਰ ਦੇਵ ਦਰਦ ਤੇ ਦੀਪ ਦਵਿੰਦਰ ਤੋਂ ਇਲਾਵਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਸਮੇਤ ਕਈ ਨਾਮਵਾਰ ਹਸਤੀਆਂ ਪੁੱਜੀਆਂ।

ਗੁਰਮੀਤ ਬਾਵਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਤੇ ਦੋਹਤੇ ਰਿਦਾਨ ਸਿੰਘ ਠਾਕੁਰ ਨੇ ਦਿਖਾਈ। ਕਲਾ ਜਗਤ ਨਾਲ ਜੁੜੀਆਂ ਹਸਤੀਆਂ ਨੇ ਗੁਰਮੀਤ ਬਾਵਾ ਦੇ ਅਕਾਲ ਚਲਾਣੇ ਨੂੰ ਵੱਡਾ ਘਾਟਾ ਦੱਸਿਆ ਤੇ ਗੁਰਮੀਤ ਬਾਵਾ ਨਾਲ ਨਿੱਜੀ ਸਾਂਝ ਦਾ ਵੀ ਜਿਕਰ ਕੀਤਾ। ਕੁਝ ਕਲਾਕਾਰਾਂ ਨੇ ਸਸਕਾਰ ਮੌਕੇ ਸਰਕਾਰੀ ਸਨਮਾਨ ਨਾ ਦਿੱਤੇ ਜਾਣ ‘ਤੇ ਗਿਲਾ ਕੀਤਾ। ਕੁਝ ਨੇ ਗੁਰਮੀਤ ਬਾਵਾ ਦੇ ਨਾਮ ‘ਤੇ ਅਕਾਦਮੀ ਜਾਂ ਕੋਈ ਵੱਡੀ ਯਾਦਗਾਰ ਬਣਾਉਣ ਦੀ ਮੰਗ ਕੀਤੀ। ਡੀਸੀ ਖਹਿਰਾ ਨੇ ਕਿਹਾ ਕਿ ਪਰਿਵਾਰ ਨਾਲ ਮਸ਼ਵਰਾ ਕਰਕੇ ਜੋ ਵੀ ਹੋਵੇਗਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਨੇ ਸਸਕਾਰ ਮੌਕੇ ਨਮ ਅੱਖਾਂ ਨਾਲ ਆਪਣੀ ਜੀਵਨ ਸਾਥਣ ਦੀ ਹੇਕ ਦਾ ਜਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੀ ਗੁਰਮੀਤ ਨੂੰ ਹਮੇਸ਼ਾ ਹੇਕ ਲਾਉਣ ਲਈ ਕਿਹਾ ਸੀ ਕਿ ਤੁਸੀਂ ਹਰ ਜਗ੍ਹਾ ਹੇਕ ਲਾਉਣੀ ਹੈ ਤੇ ਇਸ ਦੀ ਕੀ ਮਹੱਤਤਾ ਹੈ। ਜਾਰਜੀਆ ‘ਚ ਬਣੇ ਹੇਕ ਦੇ ਵਿਸ਼ਵ ਰਿਕਾਰਡ ਦਾ ਵੀ ਕਿਰਪਾਲ ਬਾਵਾ ਨੇ ਜਿਕਰ ਕੀਤਾ।

LEAVE A REPLY

Please enter your comment!
Please enter your name here