ਚੰਡੀਗੜ੍ਹ: ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਗੁਰਦਾਸ ਮਾਨ ਦਾ ਵਿਰੋਧ ਅਜੇ ਵੀ ਜਾਰੀ ਹੈ। ਪੰਜਾਬ ਯੂਨੀਵਰਸਿਟੀ ‘ਚ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਕੁੱਝ ਵਿਦਿਆਰਥੀ ਸੰਗਠਨਾਂ ਨੇ ਹੱਥਾਂ ‘ਚ ਪੋਸਟਰ ਲੈ ਕੇ ਸਟੇਜ ‘ਤੇ ਚੜਨ ਦੀ ਕੋਸ਼ਿਸ਼ ਕੀਤੀ। ਇਹ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਅਪਮਾਨ ਨੂੰ ਲੈ ਕੇ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਸੀ।
ਪੁਲਿਸ ਨੇ ਇਨ੍ਹਾਂ ਨੂੰ ਸਟੇਜ ‘ਤੇ ਚੜਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਵਾਦ ਦੇ ਨਾਲ-ਨਾਲ ਇੱਕ ਹੋਰ ਵਜ੍ਹਾ ਕਰਕੇ ਵਿਦਿਆਰਥੀਆਂ ਵਲੋਂ ਗੁਰਦਾਸ ਮਾਨ ਦਾ ਵਿਰੋਧ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਰਕੇ ਜ਼ਿਆਦਾ ਭੀੜ ਇਕੱਠੀ ਨਾ ਕਰਨ ਦੀ ਐਡਵਾਇਸਰੀ ਜਾਰੀ ਕੀਤੀ ਗਈ ਹੈ।
ਬਾਵਜੂਦ ਇਸ ਦੇ ਗੁਰਦਾਸ ਮਾਨ ਵਲੋਂ ਪੰਜਾਬ ਯੂਨੀਵਰਸਿਟੀ ‘ਚ ਸਟੇਜ ਸ਼ੋਅ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਤੇ ਪੁਲਿਸ ਦਰਮਿਆਨ ਝੜਪ ਵੀ ਹੋ ਗਈ। ਵਿਦਿਆਰਥੀਆਂ ਵਲੋਂ ਗੁਰਦਾਸ ਮਾਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਕੇ ਮਾਮਲਾ ਸ਼ਾਂਤ ਕਰਵਾਇਆ ਗਿਆ।