ਗੁਰਦਾਸਪੁਰ 05,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਪਿੰਡ ਬੱਲੜਵਾਲ ਵਿਖੇ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ਵਿੱਚ ਉਦੋਂ ਨਵਾਂ ਮੋੜ ਆ ਗਿਆ ਜਦੋਂ ਪੀੜਤ ਪਰਿਵਾਰ ਨੇ ਕਿਹਾ ਕਿ ਚੋਣਾਂ ਦੀ ਰੰਜਿਸ਼ ਤੇ ਡਿਪੋ ਦੇ ਲੈਣ-ਦੇਣ ਕਰਕੇ ਇਹ ਕਤਲ ਹੋਏ ਹਨ।
ਉਧਰ, ਮੌਕੇ ‘ਤੇ ਪਹੁੰਚੇ ਸ਼੍ਰੀਹਰਗੋਬਿੰਦਪੁਰ ਦੇ ਕਾਂਗਰਸ ਵਿਧਾਇਕ ਨੇ ਕਿਹਾ ਕਿ ਚੋਣਾਂ ਸਬੰਧੀ ਕੋਈ ਰੰਜਿਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਗੱਲ ਕੋਈ ਹੋਰ ਹੈ, ਪਰ ਇਹ ਗੱਲ ਮੀਡੀਆ ਵਿੱਚ ਲਿਆਉਣ ਵਾਲੀ ਨਹੀਂ। ਵਿਧਾਇਕ ਦੇ ਇਸ ਬਿਆਨ ਤੋਂ ਸ਼ੱਕ ਦੀਆਂ ਸੂਈਆਂ ਘੁੰਮ ਰਹੀਆਂ ਹਨ। ਇੰਝ ਜਾਪ ਰਿਹਾ ਹੈ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ, ਜਿਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ‘ਤੇ ਹਲਕਾ ਵਿਧਾਇਕ ਬਲਵਿੰਦਰ ਲਾਡੀ ਦਾ ਲੋਕਾਂ ਨੇ ਵਿਰੋਧ ਕੀਤਾ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਘੁਮਾਣ ਚੌਕ ਵਿੱਚ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਤਵਾਰ ਸਵੇਰ ਦੀ ਇਹ ਘਟਨਾ ਵਾਪਰੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇਸ ਕਰਕੇ ਮ੍ਰਿਤਕ ਦੇਹਾਂ ਨੂੰ ਘੁਮਾਣ ਚੌਕ ਵਿੱਚ ਰੱਖ ਕੇ ਧਰਨਾ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਭ ਚੋਣਾਂ ਦੀ ਰੰਜਿਸ਼ ਕਰਕੇ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਸਾਨੂੰ ਮੁਲਜ਼ਮਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਧਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਅਸੀਂ ਉਦੋਂ ਤਕ ਮ੍ਰਿਤਕਾਂ ਦਾ ਸਸਕਾਰ ਨਹੀਂ ਕਰਾਂਗੇ।
ਇਸ ਬਾਰੇ ਜਦੋਂ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੈ ਤੇ ਮਰਨ ਵਾਲੇ ਮੇਰੇ ਵੀ ਰਿਸ਼ਤੇਦਾਰ ਹਨ। ਮੈਂ ਮੌਕੇ ‘ਤੇ ਖੜ੍ਹਾ ਹਾਂ ਪਰ ਕੁਝ ਲੋਕਾਂ ਦੀ ਚੁੱਕ ਕਰਕੇ ਇਹ ਧਰਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਸਰਕਾਰ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸਿਆਸੀ ਰੰਜਿਸ਼ ਵੀ ਹੁੰਦੀ ਹੈ, ਪਰ ਇੱਥੇ ਮਸਲਾ ਕੁਝ ਹੋਰ ਹੈ ਜੋ ਮੈਂ ਮੀਡੀਆ ਵਿੱਚ ਨਹੀਂ ਦੱਸ ਸਕਦੇ।
ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਚੋਣਾਂ ਦੀ ਰੰਜਿਸ਼ ਦੇ ਕਾਰਨ ਇਹ ਝਗੜਾ ਹੋਇਆ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਮੁੱਖ ਦੋਸ਼ੀ ਦੀ ਪਤਨੀ ਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਇਹ ਹੈ ਮਾਮਲਾ
ਦੱਸ ਦਈਏ ਕਿ ਐਤਵਾਰ ਸਵੇਰੇ ਲੜਕੇ ਦਾ ਪਰਿਵਾਰ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਇਸੇ ਦੌਰਾਨ ਕੁੜੀ ਦਾ ਪਿਤਾ ਤੇ ਕੁਝ ਹੋਰ ਲੋਕ ਵੀ ਉੱਥੇ ਆ ਕੇ ਹਮਲਾ ਕਰ ਦਿੱਤਾ। ਹਮਲੇ ਵਿੱਚ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਜਦੋਂਕਿ ਦੋ ਹੋਰ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਹਰਮਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਦਾ ਇਲਾਜ ਅਮ੍ਰਿਤਸਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ।