*ਗੁਰਦਾਸਪੁਰ ‘ਚ ਠੱਗ ਨੇ ਆਪਣੇ ਆਪ ਨੂੰ ਬੀਐਸਐਫ ਦਾ ਅਧਿਕਾਰੀ ਦੱਸ ਗ਼ਰੀਬ ਢਾਬੇ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ*

0
35

ਗੁਰਦਾਸਪੁਰ 26,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਡਿਜੀਟਲ ਇੰਡੀਆ ਹੋਣ ਨਾਲ ਜਿੱਥੇ ਲੋਕਾਂ ਨੂੰ ਕਈ ਸੁੱਖ ਸਹੂਲਤਾਂ ਮਿਲੀਆਂ ਹਨ, ਉੱਥੇ ਹੀ ਕਈ ਲੋਕਾਂ ਨੂੰ ਇਸ ਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਡਿਜੀਟਲ ਇੰਡੀਆ ਵਿੱਚ ਚੋਰ ਠੱਗ ਵੀ ਡਿਜੀਟਲ ਹੋ ਚੁੱਕੇ ਹਨ। ਇਹ ਠੱਗ ਘਰ ਬੈਠੇ ਹੀ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਠੱਗ ਨੇ ਆਪਣੇ ਆਪ ਨੂੰ ਬੀਐਸਐਫ ਦਾ ਅਧਿਕਾਰੀ ਦੱਸ ਗ਼ਰੀਬ ਢਾਬੇ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਠੱਗਾਂ ਨੇ ਉਨ੍ਹਾਂ ਦੇ 2 ਖਾਤਿਆਂ ਵਿੱਚੋਂ 8 ਹਜ਼ਾਰ ਰੁਪਏ ਉਡਾਏ ਹਨ।

ਪੀੜਤ ਜਸਬੀਰ ਕੌਰ ਤੇ ਉਸ ਦੇ ਪਤੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਇੱਕ ਛੋਟਾ ਜਿਹਾ ਢਾਬਾ ਚਲਾਉਂਦੇ ਹਨ ਜਿਸ ਵਿੱਚ ਚਾਹ ਤੋਂ ਇਲਾਵਾ ਆਮ ਲੋਕਾਂ ਲਈ ਘਰ ਵਰਗੀ ਰੋਟੀ ਤੇ ਸਬਜ਼ੀ ਵੀ 50 ਰੁਪਏ ਥਾਲੀ ਦੇ ਹਿਸਾਬ ਨਾਲ ਪਰੋਸੀ ਜਾਂਦੀ ਹੈ। 10 ਤੋਂ 15 ਥਾਲੀਆਂ ਰੋਜ਼ ਵਿਕਰੀ ਹੋ ਜਾਂਦੀ ਹੈ।

ਬੀਤੇ ਦਿਨ ਇੱਕ ਆਦਮੀ ਜੋ ਆਪਣੇ ਆਪ ਨੂੰ ਬੀਐਸਐਫ ਦਾ ਜਵਾਨ ਦੱਸਦਾ ਸੀ, ਨੇ ਫੋਨ ਕਰਕੇ ਉਨ੍ਹਾਂ ਨੂੰ 20 ਥਾਲੀਆਂ ਦਾ ਆਰਡਰ ਦਿੱਤਾ। ਐਡਵਾਂਸ ਮੰਗਣ ‘ਤੇ ਉਸ ਨੇ ਕਿਹਾ ਕਿ ਅਸੀਂ ਫੌਜੀ ਆਦਮੀ ਹਾਂ ਧੋਖਾ ਨਹੀਂ ਕਰਾਂਗੇ। ਉਸ ਦੇ ਖਾਤੇ ਵਿੱਚ ਪੈਸੇ ਪਾ ਦੇਵਾਂਗੇ। ਜਦੋਂ ਉਨ੍ਹਾਂ ਨੇ ਆਰਡਰ ਤਿਆਰ ਕਰ ਦਿੱਤਾ ਤਾਂ ਫੌਜੀ ਨੂੰ ਫੋਨ ਕੀਤਾ ਕਿ ਰੋਟੀ ਬਣ ਗਈ ਹੈ।

ਉਸ ਨੇ ਵਟਸਪ ‘ਤੇ ਇੱਕ ਏਟੀਐਮ ਕਾਰਡ ਦੀ ਫੋਟੋ ਪਾ ਕੇ ਕਿਹਾ ਕਿ ਇਸ ਤਰ੍ਹਾਂ ਏਟੀਐਮ ਦੀ ਫ਼ੋਟੋ ਖਿੱਚ ਦੇ ਭੇਜੋ ਤੇ ਕੁਝ ਸਮੇਂ ਬਾਅਦ ‌ਫੋਨ ‘ਤੇ ਆਇਆ ਉਟੀਪੀ ਨੰਬਰ ਵੀ ਲੈ ਲਿਆ। ਕੁਝ ਸਮੇਂ ਬਾਅਦ ਫੇਰ ਉਸ ਨੇ ਫੋਨ ਕਰਕੇ ਕਿਹਾ ਹੈ ਕਿ ਪਹਿਲੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ। ਕੋਈ ਹੋਰ ਨੰਬਰ ਦਿਓ ਤਾਂ ਉਨ੍ਹਾਂ ਨੇ ਦੂਸਰਾ ਖਾਤਾ ਨੰਬਰ ਦਿੱਤਾ।

ਫੋਨ ਕੱਟਦਿਆਂ ਹੀ ਉਨ੍ਹਾਂ ਦੇ ਮੋਬਾਈਲ ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਦੇ ਦੋਨੋਂ ਖਾਤਿਆਂ ਵਿੱਚੋਂ ਸਾਰੀ ਜਮ੍ਹਾਂ ਪੂੰਜੀ ਕੱਢਵਾ ਲਈ ਗਈ ਸੀ। ਛੋਟੇ-ਛੋਟੇ ਦੋ ਬੱਚਿਆਂ ਦੀ ਮਾਂ ਜਸਬੀਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਹਜ਼ਾਰ ਰੁਪਏ ਦੇ ਕਰੀਬ ਰਾਸ਼ਨ, ਇਸ ਫੌਜੀ ਨੇ ਖਰਾਬ ਕਰ ਦਿੱਤਾ ਜਦਕਿ 10-10 ਰੁਪਏ ਕਰਕੇ ਜੋੜੇ ਗਏ ਉਨ੍ਹਾਂ ਦੇ ਸਾਰੇ ਪੈਸੇ ਵੀ ਉਨ੍ਹਾਂ ਦੇ ਖਾਤਿਆਂ ਵਿੱਚੋਂ ਕੱਢਵਾ ਲਏ। ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ।

LEAVE A REPLY

Please enter your comment!
Please enter your name here