*-ਗਿੱਦੜਬਾਹਾ ਹਲਕੇ ਲਈ 5 ਕਰੋੜ, ਹਸਪਤਾਲ ਅਪਗ੍ਰੇਡ ਕਰਨ ਦਾ ਕੀਤਾ ਐਲਾਣ*

0
48

ਦੋਦਾ, ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਬਚ ਕੇ ਭੱਜਣ ਨਹੀਂ ਦੇਵੇਗੀ ਅਤੇ ਮਜੀਠੀਆ ਦੇ ਕੇਸ ਵਿਚ ਕਾਨੂੰਨ ਆਪਣਾ ਕੰਮ ਕਰੇਗਾ।
 ਮੁੱਖ ਮੰਤਰੀ ਅੱਜ ਇੱਥੇ ਦੋਦਾ ਪਿੰਡ ਦੀ ਦਾਣਾ ਮੰਡੀ ਵਿਚ ਇਕ ਵੱਡੀ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ ਕਿਹਾ ਕਿ ਰਾਜ ਵਿਚੋਂ ਨਸ਼ੇ ਦੇ ਕੋਹੜ ਨੂੰ ਪੂਰੀ ਤਰਾਂ ਨਾਲ ਖਤਮ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਦੁਹਰਾਇਆ ਕਿ ਮਜੀਠੀਆ ਦੇ ਕੇਸ ਵਿਚ ਕੋਈ ਸਿਆਸੀ ਬਦਲਾਖੋਰੀ ਨਹੀਂ ਕੀਤੀ ਜਾ ਰਹੀ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਗਿੱਦੜਬਾਹਾ ਹਲਕੇ ਦੇ ਵਿਕਾਸ ਲਈ 5 ਕਰੋੜ ਰੁਪਏ ਦੇਣ ਦੇ ਐਲਾਣ ਕਰਨ ਦੇ ਨਾਲ ਨਾਲ ਦੋਦਾ ਪਿੰਡ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਐਲਾਣ ਵੀ ਕੀਤਾ ਅਤੇ ਪੀਆਰਟੀਸੀ ਦੇ ਸਬ ਡਿਪੂ ਅਤੇ ਗਿੱਦੜਬਾਹਾ ਦੇ ਨਵੇਂ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਵੀ ਰੱਖਿਆ। 
 ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਦੀ ਯਾਦਗਾਰ ਬਣਾਈ ਜਾਵੇਗੀ। 
 ਬਿਕਰਮ ਮਜੀਠੀਆ ਤੋਂ ਲਿਖਤੀ ਮੁਆਫੀ ਮੰਗਣ ਲਈ ਅਤੇ ਮਜੀਠੀਆ ਤੇ ਨਸ਼ਾ ਤਸਕਰੀ ਦੇ ਲਗਾਏ ਦੋਸ਼ਾਂ ਨੂੰ ਵਾਪਿਸ ਲੈਣ ਲਈ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਆਪ ਆਗੂ ਭਗਵੰਤ ਮਾਨ ਤੇ ਤਿੱਖਾ ਵਾਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪ ਦੇ ਇੰਨ੍ਹਾਂ ਲੀਡਰਾਂ ਨੂੰ ਹੁਣ ਪੰਜਾਬ ਦੇ ਲੋਕਾਂ ਤੋਂ ਮਜੀਠੀਆ ਨਾਲ ਨਿਭਾਈ ਆਪਣੀ ਲੁਕਵੀਂ ਸਾਂਝ ਲਈ ਮੁਆਫੀ ਮੰਗਣੀ ਚਾਹੀਦੀ ਹੈ। 


 ਮੁੱਖ ਮੰਤਰੀ ਨੇ ਕਿਹਾ ਕਿ ਕਿ ਆਪ ਦੀ ਰਾਜਨੀਤੀ ਦਾ ਪੱਧਰ ਵੇਖੋ, ਇਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ ਜਿਨ੍ਹਾਂ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਦੋਸ਼ ਹੈ।ਇਸ ਮੌਕੇ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਜਿਸ ਤਰਾਂ ਨਸੇ਼ ਦੇ ਮਾਮਲੇ ਵਿਚ ਕਾਰਵਾਈ ਸ਼ੁਰੂ ਹੋਈ ਹੈ ਜਲਦ ਹੀ ਕਾਨੂੰਨ ਬੇਅਦਬੀ ਦੇ ਦੋਸ਼ੀਆਂ ਨਾਲ ਵੀ ਨਜਿੱਠੇਗਾ। 
 ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਆਪਣੇ ਚੰਗੇ ਕੰਮਾਂ ਨਾਲ ਲੋਕਾਂ ਦਾ ਵਿਸਵਾਸ਼ ਜਿੱਤ ਰਹੀ ਹੈ ਅਤੇ ਨਾਲ ਦੀ ਨਾਲ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਗਲਤੀਆਂ ਦੀ ਸਫਾਈ ਕਰ ਰਹੀ ਹੈ। ਉਨ੍ਹਾਂ ਨੇ ਗਿੱਦੜਬਾਹਾ ਵਿਖੇ ਪਸੂ ਖੁਰਾਕ ਫੈਕਟਰੀ ਲਈ 14.50 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। 


 ਇਸ ਮੌਕੇ ਬੋਲਦਿਆਂ ਟਰਾਂਸਪੋਰਟ ਮੰਤਰੀ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਸਮੇਂ ਪਨਪੇ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਲੋਕ ਮਨਾਂ ਵਿਚੋਂ ਬਾਦਲ ਪਰਿਵਾਰ ਦਾ ਡਰ ਬਹੁਤ ਹੱਦ ਤੱਕ ਘੱਟ ਗਿਆ ਹੈ ਅਤੇ ਜ਼ੇਕਰ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ ਤਾਂ ਇਹ ਡਰ ਪੂਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਦਾ ਵੱਡੀ ਗਿਣਤੀ ਵਿਚ ਇਸ ਸਾਮਗਮ ਵਿਚ ਪਹੁੰਚਣ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਅਤੇ ਉਪਮੁੱਖ ਮੰਤਰੀ ਦਾ ਵੀ ਇਲਾਕੇ ਲਈ ਫੰਡ ਜਾਰੀ ਕਰਨ ਲਈ ਸ਼ੁਕਰੀਆਂ ਕੀਤਾ। 

 ਇਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਂਸਦ ਮੁਹੰਮਦ ਸਦੀਕ, ਵਿਧਾਇਕ ਕੁਲਬੀਰ ਜੀਰਾ, ਅੰਮ੍ਰਿਤਾ ਵੜਿੰਗ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਜਿ਼ਲ੍ਹਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਬਰਾੜ, ਜਿ਼ਲ੍ਹਾ ਪ੍ਰੀਸ਼ਦ ਚੇਅਰਮੈਨ ਨਰਿੰਦਰ ਕੌਣੀ, ਸਿੱਧੂ ਮੁਸੇਵਾਲਾ, ਜਗਪਾਲ ਸਿੰਘ ਔਲਖ, ਫਤਿਹ ਬਾਦਲ ਨੇ ਵੀ ਸੰਬੋਧਨ ਕੀਤਾ।
 ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਅਤੇ ਐਸਐਸਪੀ ਸਰਬਜੀਤ ਸਿੰਘ ਵੀ ਹਾਜਰ ਸਨ।————

LEAVE A REPLY

Please enter your comment!
Please enter your name here