ਮਾਨਸਾ, 20 ਜੁਲਾਈ(ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਗਵਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਤੇ ਉਹ ਗਵਾਹ ਜੋ ਅਦਾਲਤਾਂ ਵਿੱਚ ਨਿਆਂ ਲੈਣ ਲਈ ਗਵਾਹੀ ਦੇਣ ਆਉਂਦੇ ਹਨ, ਜਿਨਾਂ ਵਿਚ ਖਾਸ ਕਰਕੇ ਬੱਚੇ, ਔਰਤਾਂ, ਮਾਨਸਿਕ ਰੋਗੀ ਅਤੇ ਅਪੰਗ ਗਵਾਹ ਜੋ ਕਿਸੇ ਵੀ ਕਾਰਨ ਕਰਕੇ ਗਵਾਹੀ ਨਹੀਂ ਦੇ ਸਕਦੇ, ਉਨਾਂ ਨੂੰ ਗਵਾਹੀ ਦੇਣ ਲਈ ਇੱਕ ਅਲੱਗ ਕਿਸਮ ਦਾ ਮਾਹੌਲ ਤਿਆਰ ਕੀਤਾ ਜਾਵੇ, ਤਾਂ ਕਿ ਗਵਾਹ ਬਿਨਾਂ ਕਿਸੇ ਝਿੱਜਕ, ਡਰ ਅਤੇ ਭੈਅ ਦੇ ਗਵਾਹੀ ਦੇ ਸਕਣ।
ਇਸ ਸਬੰਧੀ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਵੱਲੋਂ ਅੱਜ ਮਾਨਸਾ ਵਿਖੇ ਜੁਡੀਸ਼ੀਅਲ ਅਫਸਰਾਂ, ਵਕੀਲ ਸਾਹਿਬਾਨਾਂ ਅਤੇ ਜੁਡੀਸ਼ੀਅਲ ਸਟਾਫ ਮੈਂਬਰਾਂ ਦੇ ਨਾਲ ਇਸ ਵਿਸ਼ੇ ਸਬੰਧੀ ਸੈਮੀਨਾਰ ਲਗਾਇਆ ਗਿਆ ਅਤੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਮਾਨਸਾ ਵਿਚ ਵੀ ਗਵਾਹੀ ਕਰਵਾਉਣ ਲਈ ਇਕ ਸੈਂਟਰ ਸਥਾਪਿਤ ਕੀਤਾ ਜਾਵੇਗਾ ਅਤੇ ਵਧੀਆ ਵਾਤਾਵਰਨ ਅਤੇ ਮਾਹੌਲ ਸਿਰਜਿਆ ਜਾਵੇਗਾ।
ਇਸ ਮੌਕੇ ਰਿਟੇਨਰ ਐਡਵੋਕੇਟ ਸ਼੍ਰੀਮਤੀ ਬਲਵੀਰ ਕੌਰ ਅਤੇ ਸ਼੍ਰੀ ਗਗਨਦੀਪ ਸਿੰਘ ਚਹਿਲ ਵੱਲੋਂ ਵਕੀਲ ਸਾਹਿਬਾਨਾਂ ਅਤੇ ਜੂਡੀਸ਼ੀਅਲ ਸਟਾਫ ਮੈਂਬਰਾਂ ਨੂੰ ਆਉਣ ਵਾਲੇ ਸਮੇਂ ਵਿਚ ਗਵਾਹਾਂ ਅਤੇ ਉਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਗਵਾਹਾਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਗਵਾਹੀ ਦੇਣ ਸਮੇਂ ਵਧੀਆ ਵਾਤਾਵਰਨ ਦੇਣ ਅਤੇ ਵਧੀਆ ਮਾਹੌਲ ਸਿਰਜਣ ਦੇ ਲਈ ਪ੍ਰੇਰਿਤ ਕੀਤਾ।