ਅੰਮ੍ਰਿਤਸਰ 15,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਵਰਨਰ ਵੱਲੋਂ ਪੰਜਾਬ ‘ਚ ਮੀਟਿੰਗਾਂ ਕਰਨ ਉੱਪਰ ਇਤਰਾਜ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਮੂਕਦਰਸ਼ਕ ਬਣ ਕੇ ਦੇਖ ਰਹੀ ਹੈ।
ਦੱਸ ਦਈਏ ਕਿ ਰਾਜਾ ਵੜਿੰਗ ਅੱਜ ਪੀਪੀਸੀਸੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ। ਅੱਜ ਉਨ੍ਹਾਂ ਨੇ ਸਵੇਰੇ ਕਾਂਗਰਸੀ ਆਗੂਆਂ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਉਨਾਂ ਨਾਲ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਭਾਰਤ ਭੂਸ਼ਣ ਆਸ਼ੂ ਮੌਜੂਦ ਸਨ। ਰਾਜਾ ਵੜਿੰਗ ਨੇ ਕਿਹਾ ਕਿ ਉਹ ਅੱਜ ਸੀਨੀਅਰ ਆਗੂਆਂ ਤੋਂ ਅਸ਼ੀਰਵਾਦ ਲੈਣ ਪੁੱਜੇ ਸਨ।
ਰਾਜਾ ਵੜਿੰਗ ਨੇ ਕਿਹਾ ਕਿ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਸ਼ਹਿਰ ਤੋਂ ਬਾਹਰ ਹਨ, ਇਸ ਕਰਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਮੰਨਿਆ ਨੇ ਆਪਸੀ ਗੁੱਟਬਾਜੀ ਕਰਕੇ ਪਾਰਟੀ ਨੂੰ 2022 ਦੀਆਂ ਚੋਣਾਂ ‘ਚ ਨੁਕਸਾਨ ਹੋਇਆ ਹੈ। ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗਾਂ ‘ਤੇ ਵੀ ਇਤਰਾਜ਼ ਜਤਾਉਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੇ ਭਗਵੰਤ ਮਾਨ ਨੂੰ ਸੀਐਮ ਬਣਾਇਆ ਹੈ, ਇਸ ਲਈ ਉਹ ਸਰਕਾਰ ਚਲਾਉਣ।
ਰਾਜਾ ਵੜਿੰਗ ਨੇ ਬਿਜਲੀ ਦੇ 300 ਯੂਨਿਟ ਮੁਫਤ ਦੇਣ ‘ਤੇ ਕਿਹਾ ਕਿ ਜੇਕਰ 300 ਤੋਂ ਇੱਕ ਯੂਨਿਟ ਵੀ ਵੱਧ ਹੋਈ ਤਾਂ ਸਾਰੇ ਦੇ ਪੈਸੇ ਦੇਣੇ ਪੈਣਗੇ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਕੋਈ ਲਾਭ ਨਹੀਂ ਮਿਲੇਗਾ।
ਦੂਜੇ ਪਾਸੇ ਅੱਜ ਨਵਜੋਤ ਸਿੰਘ ਸਿੱਧੂ ਸਮਰਾਲਾ ਵਿਖੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਪਹੁੰਚ ਗਏ ਹਨ। ਇਸ ਦੌਰਾਨ ਨਵਜੋਤ ਸਿੱਧੂ ਨਾਲ ਕੁਝ ਹੋਰ ਕਾਂਗਰਸੀ ਆਗੂ ਵੀ ਮੌਜੂਦ ਹਨ। ਇੱਥੇ ਸਿੱਧੂ ਆਪਣੀ ਅਗਲੀ ਰਣਨੀਤੀ ਦੀ ਰੂਪ ਰੇਖਾ ਤਿਆਰ ਕਰਨਗੇ। ਦੱਸ ਦਈਏ ਕਿ ਸਿੱਧੂ ਕੁੱਝ ਦਿਨ ਪਹਿਲਾਂ ਵੀ ਢਿੱਲੋਂ ਦੇ ਘਰ ਆਏ ਸੀ। ਅਮਰੀਕ ਢਿੱਲੋਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਸੀ। ਸਮਰਾਲਾ ਤੋਂ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਸਪੁੱਤਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਚੋਣ ਮੈਦਾਨ ਚ ਉਤਾਰਿਆ ਸੀ।