
ਅੰਮ੍ਰਿਤਸਰ (ਸਾਰਾ ਯਹਾਂ/ਬਿਊਰੋ ਨਿਊਜ਼ ) : ਗਲੋਬਲ ਸਿੱਖ ਕੌਂਸਲ ਨੇ ਪੰਜਾਬ ਵਿੱਚ ਜ਼ਬਰਦਸਤੀ, ਭਰਮਾਉਣ, ਲੁਭਾਉਣ ਅਤੇ ਧੋਖੇਬਾਜ਼ੀ ਦੇ ਮਾਧਿਅਮ ਰਾਹੀਂ ਅਨੈਤਿਕ ਧਰਮ ਪਰਿਵਰਤਨ ਨੂੰ ਅਪਰਾਧਕ ਗਤੀਵਿਧੀ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਨਾਲ ਹੀ ਪੰਜਾਬ ਵਿੱਚ ਪੰਜਾਬ ਦੇ ਵਸਨੀਕਾਂ ਲਈ ਨੌਕਰੀਆਂ ਰਾਖਵੀਆਂ ਕਰਨ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਪਾਸ ਕਰਨ ਅਤੇ ਘੱਟੋ-ਘੱਟ 10 ਸਾਲਾਂ ਤੋਂ ਵਸਨੀਕ ਹੋਣ ਦੀ ਸ਼ਰਤ ਲਾਉਣ ਲਈ ਵੀ ਕਾਨੂੰਨ ਬਣਾਉਣ ਲਈ ਕਿਹਾ ਹੈ।
ਇਹ ਮੰਗ ਵਿਸ਼ਵ ਭਰ ਦੀਆਂ ਕੌਮੀ ਪੱਧਰ ਦੀਆਂ ਸਿੱਖ ਜਥੇਬੰਦੀਆਂ ਦੀ ਕਨਫੈਡਰੇਸ਼ਨ, ਗਲੋਬਲ ਸਿੱਖ ਕੌਂਸਲ, (ਜੀਐਸਸੀ) ਵੱਲੋਂ ਅੱਜ ਇੱਥੇ ਸਮਾਪਤ ਹੋਈ ਆਪਣੀ ਤਿੰਨ ਰੋਜ਼ਾ ਕਾਨਫਰੰਸ ਅਤੇ ਸਾਲਾਨਾ ਜਨਰਲ ਮੀਟਿੰਗ ਵਿੱਚ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ਵਿੱਚ ਮੰਗ ਕੀਤੀ ਗਈ। ਇਸ ਅੰਤਰਰਾਸ਼ਟਰੀ ਕਾਨਫਰੰਸ ਦਾ ਵਿਸ਼ਾ “21ਵੀਂ ਸਦੀ ਵਿੱਚ ਸਿੱਖੀ” ਸੀ ਜਿਸ ਦੌਰਾਨ ਜੀਐਸਸੀ ਦੇ 14 ਦੇਸ਼ਾਂ ਦੇ ਮੈਂਬਰਾਂ ਨੇ ਆਪਣੀਆਂ ਵਡਮੁੱਲੀਆਂ ਰਿਪੋਰਟਾਂ ਪੇਸ਼ ਕੀਤੀਆਂ।
ਇਸ ਕਾਨਫਰੰਸ ਦਾ ਉਦਘਾਟਨ ਯੂ.ਕੇ. ਤੋਂ ਜੀ.ਐਸ.ਸੀ. ਦੀ ਪ੍ਰਧਾਨ ਲੇਡੀ ਸਿੰਘ – ਡਾ. ਕੰਵਲਜੀਤ ਕੌਰ, ਓ.ਬੀ.ਈ. ਦੁਆਰਾ ਕੀਤਾ ਗਿਆ ਜਿਸ ਵਿੱਚ ਡੈਲੀਗੇਟਾਂ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਸਿੱਧ ਸਿੱਖ ਸ਼ਖ਼ਸੀਅਤਾਂ ਨੇ ਆਨਲਾਈਨ ਜ਼ੂਮ ਮੀਟਿੰਗਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ।
ਵਧੇਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਜੀਐਸਸੀ ਪੰਜਾਬ ਵਿੱਚ ਹੋ ਰਹੇ ਅਨੈਤਿਕ ਧਰਮ ਪਰਿਵਰਤਨ ਬਾਰੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਸਮੇਤ ਦੁਨੀਆਂ ਭਰ ਦੇ ਸਿੱਖਾਂ ਨੂੰ ਲਗਾਤਾਰ ਸੁਚੇਤ ਕਰ ਰਹੀ ਹੈ।
