
(ਸਾਰਾ ਯਹਾਂ/ਬਿਊਰੋ ਨਿਊਜ਼ ) : ਮੌਸਮ ਵੱਲੋਂ ਅਚਾਨਕ ਕਰਵਟ ਲੈਣ ਨਾਲ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਪਾਰਾ ਚੜ੍ਹ ਗਿਆ ਹੈ। ਗਰਮੀ ਵਧਣ ਨਾਲ ਕਣਕ ਦੀ ਫਸਲ ਉੱਪਰ ਪ੍ਰਭਾਵ ਪੈਣ ਦੇ ਆਸਾਰ ਬਣ ਗਏ ਹਨ। ਇਸ ਮਗਰੋਂ ਪੰਜਾਬ ਦੇ ਨਾਲ ਹੀ ਕੇਂਦਰ ਸਰਕਾਰ ਚੌਕਸ ਹੋ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਦੀਆਂ ਰਿਪੋਰਟਾਂ ਮਗਰੋਂ ਕਣਕ ਦੀ ਫਸਲ ’ਤੇ ਤਾਪਮਾਨ ਵਧਣ ਦੇ ਪ੍ਰਭਾਵ ਦੀ ਨਿਗਰਾਨੀ ਕਰਨ ਲਈ ਸਰਕਾਰ ਨੇ ਕਮੇਟੀ ਬਣਾ ਦਿੱਤੀ ਹੈ। ਖੇਤੀਬਾੜੀ ਸਕੱਤਰ ਮਨੋਜ ਆਹੂਜਾ ਨੇ ਇਹ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਇੱਕਦਮ ਮੌਸਮ ਨੇ ਕਰਵਟ ਲਈ ਹੈ। ਪਿਛਲੇ ਦਿਨਾਂ ਤੋਂ ਪਾਰਾ ਕਾਫੀ ਉੱਪਰ ਚਲਾ ਗਿਆ ਹੈ। ਬੇਸ਼ੱਕ ਇਸ ਨਾਲ ਠੰਢ ਤੋਂ ਰਾਹਤ ਮਿਲੀ ਹੈ ਪਰ ਇਸ ਨੂੰ ਕਣਕ ਦੀ ਫਸਲ ਲਈ ਚੰਗਾ ਨਹੀਂ ਮੰਨਿਆ ਜਾ ਰਿਹਾ। ਇਸ ਲਈ ਕਿਸਾਨ ਕਾਫੀ ਫਿਕਰਮੰਦ ਹਨ। ਖੇਤੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਫਰਵਰੀ ਵਿੱਚ ਹੀ ਪਾਰਾ ਆਮ ਨਾਲੋਂ ਉੱਪਰ ਜਾਣਾ ਸਹੀ ਨਹੀਂ।
ਇਸ ਵਾਰ ਕੜਾਕੇ ਦੀ ਠੰਢ ਪੈਣ ਕਰਕੇ ਕਣਕ ਦੀ ਫਸਲ ਕਾਫੀ ਵਧੀਆ ਹੈ। ਮੰਨਿਆ ਜਾ ਰਿਹਾ ਸੀ ਕਿ ਜੇਕਰ ਅੱਧ ਮਾਰਚ ਤੱਕ ਮੌਸਮ ਠੰਢਾ ਰਿਹਾ ਤਾਂ ਰਿਕਾਰਡ ਝਾੜ ਹੋਏਗਾ। ਹੁਣ ਇੱਕਦਮ ਪਾਰਾ ਚੜ੍ਹਨ ਨਾਲ ਕਿਸਾਨਾਂ ਤੇ ਖੇਤੀ ਮਾਹਿਰਾਂ ਦਾ ਫਿਕਰ ਵਧ ਗਿਆ ਹੈ।
ਪਿਛਲੇ ਸਾਲ ਵੀ ਫਰਵਰੀ-ਮਾਰਚ ’ਚ ਵਧੇ ਤਾਪਮਾਨ ਨੇ ਕਣਕ ਦੇ ਝਾੜ ਨੂੰ ਸੱਟ ਮਾਰੀ ਸੀ। ਐਤਕੀਂ ਵੀ ਉਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਕੁਝ ਦਿਨਾਂ ਤੋਂ ਜਿਸ ਤਰੀਕੇ ਨਾਲ ਆਮ ਨਾਲੋਂ ਦੋ-ਤਿੰਨ ਡਿਗਰੀ ਪਾਰਾ ਵਧਿਆ ਹੈ, ਉਸ ਤੋਂ ਜਾਪਦਾ ਹੈ ਕਿ ਝਾੜ ਮੁੜ ਘਟੇਗਾ। ਕਣਕ ਦੇ ਝਾੜ ਵਿੱਚ ਪਿਛਲੇ ਵਰ੍ਹੇ 15 ਤੋਂ 20 ਫ਼ੀਸਦੀ ਤੱਕ ਕਮੀ ਆਈ ਸੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਸਾਲ ਕਣਕ ਹੇਠ ਰਕਬਾ 34.90 ਲੱਖ ਹੈਕਟੇਅਰ ਹੈ। ਮੁੱਢਲੇ ਰੁਝਾਨ ਤੋਂ ਸਰਕਾਰ ਨੂੰ ਉਮੀਦ ਸੀ ਕਿ ਸੂਬੇ ਵਿਚ ਕਣਕ ਦਾ ਉਤਪਾਦਨ ਐਤਕੀਂ 167-170 ਲੱਖ ਮੀਟਰਿਕ ਟਨ ਹੋਵੇਗਾ ਤੇ ਇਸ ਵਿਚੋਂ 120-130 ਲੱਖ ਮੀਟਰਿਕ ਟਨ ਕਣਕ ਸਰਕਾਰੀ ਖ਼ਰੀਦ ਲਈ ਮੰਡੀਆਂ ਵਿਚ ਪੁੱਜੇਗੀ।
ਪਿਛਲੇ ਸਾਲ ਮਾਰਚ ਮਹੀਨੇ ਵਿੱਚ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਰਿਹਾ ਸੀ ਜਿਸ ਕਰਕੇ ਕਣਕ ਦੀ ਪੈਦਾਵਾਰ ਤੇਜ਼ੀ ਨਾਲ ਘੱਟ ਕੇ 148 ਲੱਖ ਮੀਟਰਿਕ ਟਨ ਹੀ ਰਹਿ ਗਈ ਸੀ। ਲੰਘੇ ਵਰ੍ਹੇ ਮੰਡੀਆਂ ਵਿਚੋਂ 95 ਲੱਖ ਮੀਟਰਿਕ ਟਨ ਕਣਕ ਖ਼ਰੀਦ ਕੀਤੀ ਗਈ ਸੀ।
