ਮਾਨਸਾ, 24 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅੱਜ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸੇਪਚਨ ਅਤੇ ਐਸ.ਪੀ. ਮਾਨਸਾ ਸ੍ਰੀ ਗੁਰਸ਼ਰਨ ਸਿੰਘ ਵੱਲੋਂ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਰਮਲ ਓਸੇਪਚਨ ਨੇ ਦੱਸਿਆ ਕਿ ਮਾਨਸਾ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਆਈ.ਏ.ਐਸ. ਅਦਾ ਕਰਨਗੇ।
ਫੁੱਲ ਡਰੈੱਸ ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ। ਇਸ ਉਪਰੰਤ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਕੈਡਿਟਾਂ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਮਾਨਸਾ ਵਿਖੇ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਸਿਵਲ, ਪੁਲਿਸ ਅਤੇ ਸਕੂਲਾਂ ਦੇ ਇੰਚਾਰਜ ਸਾਹਿਬਾਨਾਂ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਹੋਰ ਵਧੀਆ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੀਖਿਆ ਮੀਟਿੰਗ ਕੀਤੀ।
ਇਸ ਮੌਕੇ ਡੀ.ਆਈ.ਜੀ. ਬਠਿੰਡਾ ਰੇਂਜ ਸ੍ਰੀ ਹਰਜੀਤ ਸਿੰਘ, ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ, ਐਸ.ਪੀ. ਸ੍ਰੀ ਜਸਕੀਰਤ ਸਿੰਘ ਅਹੀਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਭੁਪਿੰਦਰ ਕੌਰ, ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਮਨਦੀਪ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਤੇਜਿੰਦਰ ਕੌਰ, ਡੀ.ਐਸ.ਪੀ. ਸ੍ਰੀ ਬੂਟਾ ਸਿੰਘ ਗਿੱਲ, ਡੀ.ਐਸ.ਪੀ. ਸ੍ਰੀ ਪੁਸ਼ਪਿੰਦਰ ਸਿੰਘ ਗਿੱਲ ਅਤੇ ਹੋਰ ਸਿਵਲ ਅਤੇ ਪੁਲਿਸ ਦੇ ਅਧਿਕਾਰੀ ਮੌਜੂਦ ਸਨ।