ਮਾਨਸਾ, 18 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਗਣਤੰਤਰ ਦਿਵਸ ਮੌਕੇ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਵੱਖ ਵੱਖ ਝਾਕੀਆਂ ਦੇ ਵਿਸ਼ੇ ਅਤੇ ਪ੍ਰਦਰਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਝਾਕੀਆਂ ਦਾ ਪ੍ਰਦਰਸ਼ਨ ਸਮਾਜ ਨੂੰ ਸੇਧ ਦੇਣ ਵਾਲੇ ਅਤੇ ਸਰਕਾਰੀ ਯੋਜਨਾਵਾਂ ਦੇ ਵਿਸ਼ਿਆਂ ਦਾ ਹੋਵੇ। ਉਨ੍ਹਾਂ ਕਿਹਾ ਕਿ ਸਵਾਗਤੀ ਗੇਟ ਦੀ ਸਜਾਵਟ ਅਤੇ ਸੁੰਦਰਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਝਾਕੀਆਂ ਦੀ ਜਾਣਕਾਰੀ ਬਾਰੇ ਵਿਸ਼ੇਸ਼ ਨੋਟ ਸਮਾਂ ਰਹਿੰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੂੰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮ ਵਾਲੇ ਦਿਨ ਤਿਆਰ ਝਾਕੀਆਂ ਸਮੇਂ ਸਿਰ ਸਮਾਗਮ ਵਾਲੇ ਸਥਾਨ ’ਤੇ ਪਹੁੰਚ ਜਾਣੀਆਂ ਯਕੀਨੀ ਬਣਾਈਆਂ ਜਾਣ।
ਇਸ ਮੌਕੇ ਪੁਲਿਸ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਬਾਗਬਾਨੀ ਵਿਭਾਗ, ਉਦਯੋਗ ਵਿਭਾਗ, ਵਣ ਵਿਭਾਗ, ਨਗਰ ਕੌਸਲ, ਸਹਿਕਾਰੀ ਸਭਾਵਾਂ ਅਤੇ ਮੰਡੀ ਬੋਰਡ ਦੇ ਅਧਿਕਾਰੀ ਹਾਜ਼ਰ ਸਨ।