*ਖੱਤਰੀ ਸਭਾ ਰਜਿ. ਫਗਵਾੜਾ ਨੇ ਮਦਨ ਮੋਹਨ ਬਜਾਜ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ*

0
10

ਫਗਵਾੜਾ 12 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਖੱਤਰੀ ਸਭਾ ਰਜਿ. ਫਗਵਾੜਾ ਵਲੋਂ ਅੱਜ ਜੱਥੇਬੰਦੀ ਦੇ ਪ੍ਰਧਾਨ ਮਦਨ ਮੋਹਨ ਬਜਾਜ ਗੁੱਡ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਐਸ.ਡੀ.ਐਮ. ਫਗਵਾੜਾ ਰਾਹੀਂ ਭੇਜਿਆ ਗਿਆ। ਇਸ ਦੌਰਾਨ ਐਸ.ਡੀ.ਐਮ. ਜਸ਼ਨਜੀਤ ਸਿੰਘ ਦੇ ਰੁਝੇਵਿਆਂ ਕਾਰਨ ਤਹਿਸੀਲਦਾਰ ਫਗਵਾੜਾ ਨੇ ਮੰਗ ਪੱਤਰ ਰਿਸੀਵ ਕੀਤਾ। ਪ੍ਰਧਾਨ ਗੁੱਡ ਬਜਾਜ ਅਤੇ ਜੱਥੇਬੰਦੀ ਦੇ ਸੀਨੀਅਰ ਉਪ ਪ੍ਰਧਾਨ ਦਵਿੰਦਰ ਭੱਲਾ ਨੇ ਦੱਸਿਆ ਕਿ ਫਗਵਾੜਾ ਦੇ ਜੀ.ਟੀ.ਰੋਡ ਨੂੰ ਚੰਡੀਗੜ੍ਹ ਬਾਈਪਾਸ ਰੋਡ (ਪਿੰਡ ਮੇਹਲੀ) ਨਾਲ ਜੋੜਨ ਵਾਲੀ ਬੰਗਾ ਰੋਡ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਤਰਸਯੋਗ ਬਣੀ ਹੋਈ ਹੈ। ਜਦਕਿ ਇਹ ਬਹੁਤ ਹੀ ਮਹੱਤਵਪੂਰਣ ਸੜਕ ਹੈ ਕਿਉਂਕਿ ਸ਼ਹਿਰ ਦੀ ਆਰਥਕਤਾ ਦੀ ਰੀੜ੍ਹ ਬਾਂਸਾਵਾਲਾ ਬਾਜਾਰ, ਗਾਂਧੀ ਚੌਕ ਤੋਂ ਗੁੜ ਮੰਡੀ, ਪੁਰਾਣਾ ਡਾਕਖਾਨਾ ਰੋਡ ਮਾਰਕਿਟ ਆਦਿ ਇਸੇ ਤਰਸਯੋਗ ਬੰਗਾ ਰੋਡ ਦੇ ਨਾਲ ਜੁੜਦੇ ਹਨ। ਇਸ ਤੋਂ ਇਲਾਵਾ ਥਾਣਾ ਸਿਟੀ ਅਤੇ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਵੀ ਇਸੇ ਰੋਡ ਤੇ ਸਥਿਤ ਹਨ। ਇੱਥੋਂ ਤੱਕ ਕਿ ਸ਼ਹਿਰ ਦੇ ਅਨੇਕਾਂ ਇਲਾਕਿਆਂ ਤੋਂ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜਾਣ ਵਾਲੀ ਸੰਗਤ ਵੀ ਇਸੇ ਸੜਕ ਤੋਂ ਲੰਘਦੀ ਹੈ ਅਤੇ ਬਾਈਪਾਸ ਮੇਹਲੀ ਸਾਈਡ ਤੋਂ ਸ਼ਹਿਰ ਵਿੱਚ ਆਉਣ ਵਾਲਾ ਯਾਤਾਯਾਤ ਇਸੇ ਪੁਰਾਣੀ ਬੰਗਾ ਰੋਡ ਵਿੱਚ ਦੀ ਦਾਖਿਲ ਹੁੰਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਸੜਕ ਦੀ ਕਿਸੇ ਸਰਕਾਰ ਨੇ ਵੀ ਸਾਰ ਨਹੀਂ ਲਈ। ਕਿਉਂਕਿ ਸੜਕ ਦੇ ਵਿਚਕਾਰ ਪਏ ਵੱਡੇ ਅਤੇ ਡੂੰਘੇ ਟੋਏ ਕਿਸੇ ਭਿਆਨਕ ਹਾਦਸੇ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਬੰਗਾ ਰੋਡ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਸੜਕ ਦੀ ਮੁੜ ਉਸਾਰੀ ਜਲਦੀ ਕੀਤੀ ਜਾਵੇ ਅਤੇ ਲੋਕਾਂ ਨੂੰ ਫੌਰੀ ਰਾਹਤ ਦਿੰਦੇ ਹੋਏ ਸੜਕ ਦੇ ਵੱਡੇ ਤੇ ਡੂੰਘੇ ਟੋਇਆਂ ਦੀ ਪ੍ਰੀਮਿਕਸ ਪਾ ਕੇ ਮੁਰੰਮਤ ਕਰਵਾਈ ਜਾਵੇੇ ਕਿਉਂਕਿ ਉਸਾਰੀ ਦਾ ਟੈਂਡਰ ਲੱਗਣ ਵਿਚ ਕੁੱਝ ਸਮਾਂ ਲੱਗ ਸਕਦਾ ਹੈ। ਇਸ ਮੌਕੇ ਸ਼ੰਕਰ ਝਾਂਝੀ, ਵਿਤਿਨ ਪੁਰੀ,ਭਾਰਤ ਭੂਸ਼ਣ ਬੇਦੀ, ਇੰਦਰਜੀਤ ਜੈਰਥ, ਰਾਕੇਸ਼ ਕੁਮਾਰ ਵਢੇਰਾ,ਸੰਜੀਵ ਸੌਂਧੀ ਅਤੇ ਸ਼੍ਰੀਕਾਂਤ ਘਈ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here