*ਖੱਤਰੀ ਸਭਾ (ਰਜਿ.) ਫਗਵਾੜਾ ਨੇ ਗਊਸ਼ਾਲਾ ਵਿੱਚ ਗਊਆਂ ਦੇ ਹੋਏ ਸਮੂਹਿਕ ਕਤਲ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ*

0
143

ਫਗਵਾੜਾ 9 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਖੱਤਰੀ ਸਭਾ (ਰਜਿ.) ਫਗਵਾੜਾ ਨੇ ਮੇਹਲੀ ਗੇਟ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਦਰਜਨਾਂ ਗਊਆਂ ਦੇ ਸਮੂਹਿਕ ਕਤਲ ਦੀ ਦਰਦਨਾਕ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਘਟਨਾ ਨੂੰ ਅਤਿ ਨਿੰਦਣਯੋਗ ਦੱਸਿਆ ਹੈ। ਅੱਜ ਇਥੇ ਗੱਲਬਾਤ ਕਰਦਿਆਂ ਖੱਤਰੀ ਸਭਾ ਦੇ ਪ੍ਰਧਾਨ ਮਦਨ ਮੋਹਨ ਬਜਾਜ ਗੁਡ, ਮੀਤ ਪ੍ਰਧਾਨ ਦਵਿੰਦਰ ਭੱਲਾ, ਜਨਰਲ ਸਕੱਤਰ ਸ਼ੰਕਰ ਝਾਂਜੀ, ਸਕੱਤਰ ਵਿਤਿਨ ਪੁਰੀ, ਕੈਸ਼ੀਅਰ ਭਾਰਤ ਭੂਸ਼ਣ ਬੇਦੀ ਅਤੇ ਸੰਯੁਕਤ ਸਕੱਤਰ ਸੰਜੀਵ ਘਈ ਲੱਕੀ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਕਿਉਂਕਿ ਵੇਦਾਂ ਸਮੇਤ ਸਨਾਤਨ ਧਰਮ ਦੇ ਸਾਰੇ ਗ੍ਰੰਥਾਂ ਵਿੱਚ ਗਊ ਨੂੰ ਮਾਂ ਵਾਂਗ ਪੂਜਣਯੋਗ ਦੱਸਿਆ ਗਿਆ ਹੈ। ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਗੁੱਡ ਬਜਾਜ ਅਤੇ ਦਵਿੰਦਰ ਭੱਲਾ ਨੇ ਵੀ ਇਸ ਘਟਨਾ ਪਿੱਛੇ ਕਿਸੇ ਡੂੰਘੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਫਗਵਾੜਾ ਦੀ ਸ਼ਾਂਤੀ ਭੰਗ ਕਰਨ ਦੀ ਇਹ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਇਸ ਲਈ ਪੁਲਿਸ ਨੂੰ ਇਸ ਘਟਨਾ ਦੀ ਹਰ ਕੋਣ ਤੋਂ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਨਿੰਦਣਯੋਗ ਘਟਨਾ ਦੇ ਪਿੱਛੇ ਜੋ ਵੀ ਅਨਸਰ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ।

LEAVE A REPLY

Please enter your comment!
Please enter your name here