
(ਸਾਰਾ ਯਹਾਂ/ ਮੁੱਖ ਸੰਪਾਦਕ):: : ਖੰਨਾ ਪੁਲਿਸ ਨੇ ਰਾਜਸਥਾਨ ‘ਚ ਬੈਠ ਕੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਅਤੇ ਪੰਜਾਬ ‘ਚ ਸਪਲਾਈ ਕਰਨ ਵਾਲੇ 2 ਵਿਅਕਤੀਆਂ ਸਮੇਤ ਕੁੱਲ 4 ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਕਬਜ਼ੇ ‘ਚੋਂ 15 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਹੈ। ਪੁਲਿਸ ਨੇ ਕਰੰਸੀ ਛਾਪਣ ਲਈ ਵਰਤਿਆ ਜਾਣ ਵਾਲਾ ਪ੍ਰਿੰਟਰ, ਲੈਪਟਾਪ ਅਤੇ ਕਾਗਜ਼ ਵੀ ਜ਼ਬਤ ਕੀਤਾ।
ਖੰਨਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ 13 ਅਪ੍ਰੈਲ ਨੂੰ ਥਾਣਾ ਸਦਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਸਮਰਾਲਾ ਇਲਾਕੇ ਦੇ ਰਹਿਣ ਵਾਲੇ ਕਮਲਜੀਤ ਸਿੰਘ ਅਤੇ ਹਨੀ ਭਾਰਦਵਾਜ ਨੂੰ 67,500 ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਰਹਿਣ ਵਾਲੇ ਮਨੋਜ ਕੁਮਾਰ ਉਰਫ਼ ਵਿਜੇ ਅਤੇ ਮਦਨ ਲਾਲ ਜਾਅਲੀ ਕਰੰਸੀ ਤਿਆਰ ਕਰਨ ਦੇ ਮਾਸਟਰ ਮਾਈਂਡ ਹਨ।
ਦੋਵਾਂ ਦੇ ਗ੍ਰਿਫਤਾਰੀ ਵਾਰੰਟ ਹਾਸਲ ਕਰਨ ਤੋਂ ਬਾਅਦ ਪੁਲਸ ਨੇ ਅਜਮੇਰ ਤੋਂ ਮਨੋਜ ਅਤੇ ਉਸ ਦੇ ਸਾਥੀ ਮਦਨ ਲਾਲ ਨੂੰ ਗ੍ਰਿਫਤਾਰ ਕਰਕੇ 14 ਲੱਖ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਲੈਪਟਾਪ, ਪ੍ਰਿੰਟਰ ਅਤੇ ਕਾਗਜ਼ ਵੀ ਬਰਾਮਦ ਕੀਤਾ। ਐਸਐਸਪੀ ਨੇ ਦੱਸਿਆ ਕਿ ਸਮਰਾਲਾ ਦੇ ਦੋਵੇਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਰਾਜਸਥਾਨ ਵਿੱਚ ਬੈਠੇ ਮਾਸਟਰ ਮਾਈਂਡ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਲੋਕਾਂ ਨੇ ਸਮਰਾਲਾ ਦੇ ਨੌਜਵਾਨਾਂ ਨੂੰ ਆਪਣੇ ਸੰਪਰਕ ਵਿੱਚ ਲਿਆ ਕੇ ਉਨ੍ਹਾਂ ਨੂੰ ਜਾਅਲੀ ਕਰੰਸੀ ਸਪਲਾਈ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸ ਗਰੋਹ ਦੇ ਕੁਝ ਹੋਰ ਲੋਕ ਵੀ ਪੁਲਿਸ ਦੀ ਰਡਾਰ ‘ਤੇ ਹਨ। ਐਸਐਸਪੀ ਨੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਕਿਤੇ ਕਰੰਸੀ ਨੂੰ ਲੈ ਕੇ ਕੋਈ ਸ਼ੱਕ ਹੁੰਦਾ ਹੈ ਤਾਂ ਤੁਰੰਤ ਪੁਲਸ ਜਾਂ ਬੈਂਕ ‘ਚ ਸੂਚਨਾ ਦਿੱਤੀ ਜਾਵੇ।
