
(ਸਾਰਾ ਯਹਾਂ/ ਮੁੱਖ ਸੰਪਾਦਕ) : ਪੂਰੇ ਦੇਸ਼ ਵਿਚ ਇਨਫਲੂਐਂਜ਼ਾ H3N2 ਵਾਇਰਸ ਦੇ ਕੇਸਾਂ ਵਿਚ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਹੋ ਰਹੇ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ। ਦੇਸ਼ ਵਿਚ ਫਲੂ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਵਿਚ ਬੁਖਾਰ ਤਿੰਨ ਤੋਂ ਪੰਜ ਦਿਨ ਤੱਕ ਰਹਿੰਦਾ ਹੈ। ਇਸ ਨਾਲ ਹੀ ਲਗਾਤਾਰ ਖੰਘ ਆਉੰਦੀ ਹੈ ਜੋ ਕਿ ਤਿੰਨ ਹਫ਼ਤਿਆਂ ਤੱਕ ਰਹਿ ਸਕਦੀ ਹੈ। ਕਿਉਂਕਿ ਵਾਇਰਸ ਇਕ ਦੂਜੇ ਤੋਂ ਫੈਲਦਾ ਹੈ ਅਤੇ ਇਕ ਦੂਜੇ ਤੋਂ ਛਿੱਕਾ ਜਾਂ ਖੰਘਣ ਨਾਲ ਜ਼ਿਆਦਾ ਫੈਲਦਾ ਹੈ। ਇਸ ਦੇ ਫੈਲਣ ਦਾ ਤਰੀਕਾ covid 19 ਦੇ ਵਾਇਰਸ ਵਾਂਗ ਹੀ ਹੈ।
ਸੋ ਇਸ ਫਲੂ ਤੋਂ ਬਚਣ ਲਈ ਪਹਿਲਾ ਤਰੀਕਾ ਹੈ ਸਾਫ਼-ਸਫ਼ਾਈ ਯਕੀਨੀ ਬਣਾਉਣਾ । ਸਾਬਣ ਅਤੇ ਪਾਣੀ ਨਾਲ ਨਿਯਮਤ ਤੌਰ ਤੇ ਹੱਥ ਧੋਣੇ। ਫੇਸ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਉਣਾ। ਭੀੜ-ਭੜੱਕੇ ਵਾਲੇ ਖੇਤਰ ਵਿਚ ਜਾਣ ਤੋਂ ਬੱਚਣਾ ਅਤੇ ਇਕ ਦੂਜੇ ਤੋਂ ਖਾਸ ਤੌਰ ਤੇ ਫਲੂ ਦੇ ਮਰੀਜ਼ਾਂ ਤੋਂ ਸੁਰੱਖਿਅਤ ਫਾਂਸਲਾ ਬਣਾ ਕੇ ਰੱਖਣਾ। ਮੂੰਹ ਅਤੇ ਨੱਕ ਨੂੰ ਛੂਹਣ ਤੋਂ ਬਚਣਾ ਅਤੇ ਛਿੱਕ ਮਾਰਨ ਵੇਲੇ ਆਪਣਾ ਨੱਕ ਅਤੇ ਮੂੰਹ ਜ਼ਰੂਰ ਢੱਕ ਕੇ ਰੱਖੋ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਐਡਵਾਈਜ਼ਰੀ ਨੇ ਜਾਰੀ ਕਰਕੇ ਲੋਕਾਂ ਨੂੰ ਉਪਰ ਲਿਖੇ ਅਨੁਸਾਰ ਸਾਵਧਾਨੀ ਵਰਤ ਕੇ ਫਲੂ ਤੋਂ ਬਚਣ ਦੀ ਅਪੀਲ ਕੀਤੀ ਹੈ।
H3N2 ਵਾਇਰਸ ਦੁਆਰਾ ਕੀਤੇ ਜਾ ਰਹੇ ਇਹਨਾਂ ਫਲੂ ਦੇ ਮਰੀਜ਼ਾਂ ਵਿਚ ਖੰਘ, ਵਗਦਾ ਨੱਕ ਜਾਂ ਨੱਕ ਬੰਦ ਹੋਣਾ, ਗਲੇ ਵਿੱਚ ਖਾਰਸ਼, ਸਿਰ ਦਰਦ, ਸਰੀਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਬੁਖ਼ਾਰ, ਠੰਡ ਲੱਗਣਾ, ਥਕਾਵਟ, ਦਸਤ ਅਤੇ ਉਲਟੀਆਂ ਅਤੇ ਗੰਭੀਰ ਕੇਸਾਂ ਵਿਚ ਸਾਹ ਚੜਨ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਪਿੱਛਲੇ 52 ਸਾਲਾਂ ਦੇ ਉਲਟ ਇਸ ਵਾਰ ਫਰਵਰੀ ਮਾਰਚ ਵਿੱਚ ਹੋ ਰਹੀ ਗਰਮੀ ਵੀ ਵਾਇਰਸ ਦੇ ਤੇਜ਼ੀ ਨਾਲ ਵਧਣ ਦਾ ਇਕ ਕਾਰਨ ਹੋ ਸਕਦੀ ਹੈ। ਦੂਸਰਾ ਪਿਛਲੇ ਸਾਲਾਂ ਵਿਚ covid 19 ਦੇ ਦੌਰਾਨ ਵਰਤੇ ਗਏ ਸਟੀਰਾਈਡ ਦਵਾਈਆਂ ਨਾਲ ਕਿਤੇ ਨਾ ਕਿਤੇ ਸਾਡੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਿਚ ਕਮੀ ਆਈ ਹੈ। ਜਿਸ ਕਰਕੇ ਫਲੂ ਦੇ ਕੇਸਾਂ ਵਿਚ ਵਾਧਾ ਅਤੇ ਠੀਕ ਹੋਣ ਦੇ ਸਮੇਂ ਵਿਚ ਵੀ ਵਾਧਾ ਹੋ ਰਿਹਾ ਹੈ। ICMR ( ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਨੇ ਰੈਂਡਮ ਸੈਂਪਲਿੰਗ ਤੋਂ ਬਾਅਦ ਇਸ ਫਲੂ ਦਾ ਕਾਰਨ H3N2 ਇਨਫਲੂਐਂਜ਼ਾ ਵਾਇਰਸ ਨੂੰ ਘੋਸ਼ਿਤ ਕੀਤਾ ਹੈ । ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਤਾਪਮਾਨ ਵਧਣ ਨਾਲ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਦੀ ਸੰਭਾਵਨਾ ਹੈ।
ਇਹ ਵਾਲਾ ਫਲੂ ਬੱਚਿਆਂ ਤੋਂ ਵੱਡੀ ਉਮਰ ਤੱਕ ਕਿਸੇ ਨੂੰ ਵੀ ਹੋ ਸਕਦਾ ਹੈ। ਪਰ ਡਾਕਟਰੀ ਕਿੱਤੇ ਨਾਲ ਜੁੜੇ ਲੋਕਾਂ ਅਤੇ ਪੁਰਾਣੀਆਂ ਬਿਮਾਰੀਆਂ ਜਿਵੇਂ ਫੇਫੜੇ, ਦਿਲ,ਗੁਰਦੇ, ਸ਼ੂਗਰ, ਬਲੱਡ ਪਰੈਸ਼ਰ ਆਦਿ ਦੇ ਮਰੀਜਾਂ ਨੂੰ ਜਿਆਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਵਾਇਰਸ ਦੇ ਖਤਰੇ ਤੋਂ ਬਚਣ ਲਈ ਪਾਣੀ ਦੀ ਮਾਤਰਾ ਪੂਰੀ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਲਈ ਸਾਨੂੰ ਦਿਨ ਵਿਚ 7 ਤੋਂ 8 ਗਲਾਸ ਗਰਮ ਪਾਣੀ ਦੇ ਪੀਣੇ ਚਾਹੀਦੇ ਹਨ।
