
ਬੋਹਾ 30 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) -ਬੇਸ਼ੱਕ ਪੰਜਾਬ ਸਰਕਾਰ ਵੱਲੋਂ ਘਰੇਲੂ ਸੈਕਟਰ ਲਈ ਚੌਵੀ ਘੰਟੇ ਅਤੇ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਇਹ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਜਾਪਦੇ ਹਨ ਸਰਕਾਰ ਅਤੇ ਬਿਜਲੀ ਵਿਭਾਗ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਬੋਹਾ ਬਿਜਲੀ ਦਫ਼ਤਰ ਨਾਲ ਸਬੰਧਤ ਜੋਈਆਂ ਫੀਡਰ ਦੇ ਕਿਸਾਨਾਂ ਨੇ ਖੇਤੀ ਸੈਕਟਰ ਲਈ ਬਿਜਲੀ ਪੂਰੀ ਨਾ ਮਿਲਣ ਕਰਕੇ ਬੋਹਾ ਬਿਜਲੀ ਦਫਤਰ ਘੇਰਿਆ ਇੱਥੋਂ ਤੱਕ ਕਿ ਗੁੱਸੇ ਵਿੱਚ ਆਏ ਕਿਸਾਨਾਂ ਨੇ ਜਿੱਥੇ ਬਿਜਲੀ ਦਫ਼ਤਰ ਨੂੰ ਜਿੰਦਰਾ ਮਾਰਨ ਦੀ ਕੋਸ਼ਿਸ਼ ਕੀਤੀ ਉਥੇ ਦਫ਼ਤਰ ਅੰਦਰਲੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਪਰ ਬੋਹਾ ਥਾਣੇ ਦੇ ਮੁਖੀ ਹਰਦਿਆਲ ਦਾਸ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਦਾ ਗੁੱਸਾ ਸ਼ਾਂਤ ਕੀਤਾ ਅਤੇ ਆਪਣੀ ਸੂਝ ਬੂਝ ਨਾਲ ਕਿਸਾਨਾਂ ਨੂੰ ਦਫਤਰ ਦੇ ਐੱਸਡੀਓ ਨਾਲ ਮਿਲਾ ਕੇ ਸਮੱਸਿਆ ਹੱਲ ਕਰਵਾਉਣ ਦਾ ਯਤਨ ਕੀਤਾ ਜਿਸ ਉਪਰੰਤ ਬਿਜਲੀ ਦਫਤਰ ਦੀ ਬਿਜਲੀ ਬਹਾਲ ਹੋ ਸਕੀ ।ਇਕੱਤਰ ਕਿਸਾਨਾਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਖੇਤੀ ਲਈ ਬਿਜਲੀ ਪੂਰੀ ਨਹੀਂ ਦੇਣੀ ਸੀ ਤਾਂ ਉਨ੍ਹਾਂ ਨਾਲ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕਿਉਂ ਕੀਤਾ ਕਿਸਾਨਾਂ ਨੇ ਆਖਿਆ ਕਿ ਜੇਕਰ ਸਰਕਾਰ ਇਹ ਵਾਅਦਾ ਨਾ ਕਰਦੀ ਤਾਂ ਉਹ ਝੋਨੇ ਦੀ ਫਸਲ ਨਾ ਬੀਜਦੇ ਹੁਣ ਹਾਲਾਤ ਇਹ ਹਨ ਕਿ ਬਿਜਲੀ ਪੂਰੀ ਨਾ ਮਿਲਣ ਕਰ ਕੇ ਝੋਨੇ ਦੀ ਫਸਲ ਲਈ ਪਾਣੀ ਪੂਰਾ ਨਹੀਂ ਹੋ ਰਿਹਾ ਉੱਥੇ ਹੀ ਨਰਮੇ ਦੀ ਫਸਲ ਵੀ ਸੁੱਕਦੀ ਜਾ ਰਹੀ ਹੈ ।ਕਿਸਾਨ ਭੂਰਾ ਸਿੰਘ ਗਾਦੜਪੱਤੀ ਰਾਜ਼ੀ ਚਹਿਲ ਟੇਕ ਸਿੰਘ ਗੁਰਪ੍ਰੀਤ ਸਿੰਘ ਉੱਡਤ ਸੈਦੇਵਾਲਾ ਹਰਿੰਦਰ ਸਿੰਘ ਦੇਸਪਾਲ ਸਿੰਘ ਨੇ ਆਖਿਆ ਕਿ ਜੋਈਆਂ ਫੀਡਰ ਕਾਫੀ ਲੰਮਾ ਹੋਣ ਕਰਕੇ ਜ਼ਿਆਦਾਤਰ ਫਾਲਟ ਰਹਿੰਦੇ ਹਨ ਅਤੇ ਬਿਜਲੀ ਦੀ ਸਪਲਾਈ ਮਸਾਂ ਹੀ ਪੰਜ ਘੰਟੇ ਮਿਲਦੀ ਹੈ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ

ਨੂੰ ਮਜਬੂਰਨ ਬਿਜਲੀ ਦਫਤਰ ਪਹੁੰਚ ਕੇ ਪ੍ਰਦਰਸ਼ਨ ਕਰਨਾ ਪਿਆ ਹੈ ਕਿਸਾਨਾਂ ਨੇ ਆਖਿਆ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰਨ ਤਿੱਖਾ ਸੰਘਰਸ਼ ਵਿੱਢਣਾ ਪਵੇਗਾ ।ਉਧਰ ਬਿਜਲੀ ਵਿਭਾਗ ਦੇ ਐਸਡੀਓ ਸ੍ਰੀ ਰੋਹਿਤ ਕੁਮਾਰ ਅਤੇ ਥਾਣਾ ਮੁਖੀ ਸ੍ਰੀ ਹਰਦਿਆਲ ਦਾਸ ਨੇ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਕਿਸਾਨਾਂ ਦਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰ ਦਿੱਤਾ ਜਾਵੇਗਾ।ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਮਹਿਕਮੇ ਅੰਦਰ ਲਾਈਨਮੈਨਾਂ ਦੀ ਵੱਡੀ ਘਾਟ ਹੈ ਜਿਸ ਕਾਰਨ ਫਾਲਟ ਜਲਦੀ ਠੀਕ ਨਹੀਂ ਹੁੰਦੇ ਜੇਕਰ ਸਹਾਇਕ ਲਾਈਨਮੈਨਾਂ ਨੂੰ ਪਦ ਉੱਨਤ ਕਰਕੇ ਲਾਈਨਮੈਨ ਬਣਾਇਆ ਜਾਵੇ ਤਾਂ ਬਿਜਲੀ ਦੀ ਸਪਲਾਈ ਵਿੱਚ ਪੈਣ ਵਾਲੇ ਵਿਘਨ ਨੂੰ ਜਲਦੀ ਹੱਲ ਕੀਤਾ ਜਾ ਸਕਦਾ ਹੈ ।
