ਬੁਢਲਾਡਾ 27 ਅਗਸਤ (ਸਾਰਾ ਯਹਾ/ਅਮਨ ਮਹਿਤਾ) – ਅੱਜ ਸੀ ਪੀ ਆਈ (ਐਮ) ਦੇ ਦੇਸ਼ ਵਿਆਪੀ ਸੱਦੇ ‘ਤੇ ਬੁਢਲਾਡਾ ਤਹਿਸੀਲ ਵਿੱਚ ਵੱਖ ਵੱਖ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਦੇਸ਼ ਅਤੇ ਖੇਤੀ ਵਿਰੋਧੀ ਆਰਡੀਨੈੱਸ ਵਾਪਸ ਲੲੇ ਜਾਣ , ਕਰੋਨਾ ਮਹਾਂਮਾਰੀ ਦੇ ਝੰਭੇ ਲੋਕਾਂ ਖਾਸ ਕਰਕੇ ਮਿਹਨਤਕਸ਼ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਰ ਪਰਿਵਾਰ ਨੂੰ ਪ੍ਰਤੀ ਮਹੀਨਾ 7500 ਰੁਪਏ ਆਰਥਿਕ ਮੱਦਦ ਦਿੱਤੀ ਜਾਵੇ , ਪ੍ਰਤੀ ਜੀਅ ਪ੍ਰਤੀ ਮਹੀਨਾ 10 ਕਿਲੋ ਕਣਕ-ਚਾਵਲ ਆਦਿ ਦਿੱਤਾ ਜਾਵੇ , ਮਨਰੇਗਾ ਸਕੀਮ ਦੇ ਦਿਨ 200 ਕੀਤੇ ਜਾਣ ਅਤੇ ਦਿਹਾੜੀ ਦੀ ਰਾਸ਼ੀ 600 ਰੁਪਏ ਕੀਤੀ ਜਾਵੇ। ਕੇਂਦਰ ਸਰਕਾਰ ਪਾਸੋਂ ਮੰਗ ਕੀਤੀ । ਇਹ ਪ੍ਰਦਰਸ਼ਨ ਅਹਿਮਦਪੁਰ , ਬੱਛੋਆਣਾ , ਬੀਰੋਕੇ ਕਲਾਂ , ਗੁਰਨੇ ਕਲਾਂ ਤੋਂ ਇਲਾਵਾ ਪਿੰਡ ਬੁਢਲਾਡਾ ਵਿਖੇ ਕੀਤੇ ਗਏ । ਇਸ ਮੌਕੇ ਇਕੱਠਾਂ ਨੂੰ ਸੀ ਪੀ ਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਕਾਰਨ ਮਜਦੂਰਾਂ,ਕਿਸਾਨਾਂ ,ਦਸਤਕਾਰਾਂ ,ਦੁਕਾਨਦਾਰਾਂ , ਵਪਾਰੀ ਵਰਗ ਦੇ ਕਾਰੋਬਾਰਾਂ ਵੱਡੀ ਮਾਰ ਪੲੀ ਹੈ ਜਿਸ ਕਾਰਨ ਇਨਾਂ ਵਰਗਾਂ ਦੀ ਆਰਥਿਕਤਾ ਲੀਹੋ-ਲੱਥ ਗੲੀ ਹੈ , ਨੇੜ-ਭਵਿੱਖ ਵਿੱਚ ਸੁਧਾਰ ਦੀ ਉਮੀਦ ਨਜ਼ਰ ਨਹੀਂ ਆ ਰਹੀ । ਕੇਂਦਰ ਸਰਕਾਰ ਬਜਾਏ ਲੋਕਾਂ ਨੂੰ ਆਰਥਿਕ ਰਾਹਤ ਦੇਣ ਦੇ ਉਲਟਾ ਡੀਜਲ- ਪੈਟਰੋਲ ਦੀਆਂ ਕੀਮਤਾਂ ਵਧਾਕੇ ਅਤੇ ਕੲੀ ਤਰ੍ਹਾਂ ਦੇ ਟੈਕਸਾਂ ਦਾ ਬੋਝ ਪਾ ਰਹੀ ਹੈ , ਸਿੱਟੇ ਵਜੋਂ ਮਹਿੰਗਾਈ ਵੱਧ ਰਹੀ ਹੈ । ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰ ਦਿੱਤੀਆਂ ਹਨ । ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰ ਦਿੱਤੇ ਹਨ ਜਿਨ੍ਹਾਂ ਨਾਲ ਖੇਤੀ ਦੇ ਧੰਦੇ ਕਿਸਾਨ-ਮਜ਼ਦੂਰ ਅਤੇ ਹੋਰ ਤਬਕੇ ਬਰਬਾਦ ਹੋ ਜਾਣਗੇ । ਕਮਿਊਨਿਸਟ ਆਗੂ ਕਾ. ਦਲਿਓ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਅਮੀਰ ਘਰਾਣਿਆਂ ਨੂੰ ਕਰੋੜਾਂ-ਅਰਬਾਂ ਦੀਆਂ ਰਿਆਇਤਾਂ ਦੇ ਰਹੀ ਹੈ , ਪਬਲਿਕ ਖੇਤਰ ਦੇ ਅਦਾਰੇ ਆਪਣੇ ਚਹੇਤਿਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ-ਮਜਦੂਰਾਂ ਅਤੇ ਘਰੇਲੂ ਔਰਤਾਂ ਸਿਰ ਚੜੇ ਕਰਜ਼ੇ ਮੁਆਫ਼ ਕੀਤੇ ਜਾਣ । ਪਬਲਿਕ ਖੇਤਰ ਦੇ ਅਦਾਰਿਆਂ ਨੂੰ ਵੇਚਣਾ ਅਤੇ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਸੀ ਪੀ ਆਈ ( ਐਮ ) ਦੇ ਆਗੂਆਂ ਕਾ. ਜਸਵੰਤ ਸਿੰਘ ਬੀਰੋਕੇ , ਕਾ. ਬੋਘਾ ਸਿੰਘ , ਕਾ. ਬਿੰਦਰ ਸਿੰਘ , ਕਾ. ਭੁਪਿੰਦਰ ਸਿੰਘ ,ਕਾ.ਹਰਦੀਪ ਸਿੰਘ ,ਕਾ.ਸੰਤ ਰਾਮ ਬੀਰੋਕੇ ਵੀ ਮੌਜੂਦ ਸਨ।