ਚੰਡੀਗੜ੍ਹ ,1 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬੀਜੇਪੀ ਯੂਥ ਵਿੰਗ ਦੇ ਜਨਰਲ ਸੱਕਤਰ ਬਰਿੰਦਰ ਸਿੰਘ ਸੰਧੂ ਨੇ ਖੇਤੀ ਕਾਨੂੰਨਾਂ ਅਤੇ ਕੇਂਦਰ ਦੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਲਏ ਗਏ ਤਾਜ਼ਾ ਫੈਸਲਿਆਂ ਨੂੰ ਲੈ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਲਿਖੇ ਪੱਤਰ ਵਿੱਚ ਸੰਧੂ ਨੇ ਕਿਹਾ ਕਿ ਕਿਸਾਨ ਯੂਨੀਅਨਾਂ, ਆੜ੍ਹਤੀਆ, ਛੋਟੇ ਵਪਾਰੀ ਤੇ ਮਜ਼ਦੂਰ ਸਹੀ ਤਰੀਕੇ ਨਾਲ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਹ ਬੀਜੇਪੀ ਪੰਜਾਬ ਯੂਥ ਜਨਰਲ ਸੱਕਤਰ ਤੇ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ “ਹਾਲ ਹੀ ਦੇ ਸਮੇਂ ਦੌਰਾਨ ਕੇਂਦਰ ਪੰਜਾਬ ਵਿਰੁੱਧ ਸਖਤ ਕਦਮ ਉਠਾ ਰਿਹਾ ਹੈ। ਮਾਲ ਦੀਆਂ ਰੇਲ ਗੱਡੀਆਂ ਨੂੰ ਰੋਕਣਾ ਤੇ ਭਾਰੀ ਜੁਰਮਾਨਾ ਲਗਾਉਣਾ ਅਤੇ ਖੇਤਾਂ ਨੂੰ ਅੱਗ ਲਾਉਣ ‘ਤੇ ਜੇਲ੍ਹ ਭੇਜਣਾ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਹੀ ਕੁਝ ਸਖ਼ਤ ਕਦਮ ਹਨ।”
ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਕਿਸਾਨਾਂ ਖਿਲਾਫ ਸਖਤ ਭਾਸ਼ਾ ਵਰਤਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਬੇਟੇ ਹੋਣ ਕਰਕੇ ਪਾਰਟੀ ਦੀਆਂ ਲੀਹਾਂ ਤੋਂ ਉੱਪਰ ਉੱਠ ਰਹੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਫੈਸਲਾ ਕੀਤਾ ਹੈ।
ਫਾਰਮ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਮਾਲਵਾ ਖੇਤਰ ਵਿੱਚ ਕਿਸੇ ਬੀਜੇਪੀ ਨੇਤਾ ਦਾ ਇਹ ਪਹਿਲਾ ਅਸਤੀਫਾ ਹੈ। ਸੂਬਾ ਜਨਰਲ ਸਕੱਤਰ ਮਾਲਵਿੰਦਰ ਸਿੰਘ ਕੰਗ ਨੇ ਵੀ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਰੋਧ ਵਿੱਚ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।