
ਬਰਨਾਲਾ/ ਫਾਜ਼ਿਲਕਾ 15 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਆਰਡੀਨੈਂਸਾਂ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ।ਜ਼ਿਲ੍ਹਾ ਬਰਨਾਲਾ ‘ਚ ਦੋ ਮੁੱਖ ਮਾਰਗਾਂ ਬਰਨਾਲਾ-ਲੁਧਿਆਣਾ ਤੇ ਮਹਿਲ ਕਲਾਂ ਅਤੇ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਪਿੰਡ ਚੀਮਾ ਨੇੜੇ ਟੌਲ ਪਲਾਜ਼ਾ ਉਪਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਿੱਧੂਪੁਰ ਵਲੋਂ ਧਰਨਾ ਲਗਾਇਆ ਗਿਆ।
ਇਸ ਧਰਨੇ ਵਿੱਚ ਸੈਂਕੜੇ ਦੀ ਗਿਣਤੀ ’ਚ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਤੋਂ ਇਲਾਵਾ ਸ਼ੋਮਣੀ ਅਕਾਲੀ ਦਲ(ਡੀ), ਆਮ ਆਦਮੀ ਪਾਰਟੀ, ਖਹਿਰਾ ਸਮਰੱਥਕ ਵੀ ਸ਼ਾਮਲ ਹੋਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕਿ ਇਹ ਖੇਤੀ ਆਰਡੀਨੈਂਸ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ। ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲਣ ਕਰਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਸਰਕਾਰਾਂ ਨੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਿਜਾਏ ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਲਿਆ ਕੇ ਕਿਸਾਨਾਂ ਦੇ ਗਲ ਗੂਠਾ ਦੇ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਲਈ ਆਰ ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨ ਘਰ ਬੈਠੇ ਮਰਨ ਤੋਂ ਚੰਗਾ ਆਪਣੀਆਂ ਜ਼ਮੀਨਾਂ ਅਤੇ ਕਿਸਾਨੀ ਨੂੰ ਬਚਾਉਣ ਲਈ ਸੜਕਾਂ ’ਤੇ ਸੰਘਰਸ਼ ਕਰਕੇ ਮਰਨਾ ਬੇਹਤਰ ਸਮਝਣਗੇ।
ਉਧਰ ਫਜ਼ਿਲਕਾ ‘ਚ ਵੀ ਖੇਤੀ ਆਰਡਿਨੇਂਸਾਂ ਦੇ ਵਿਰੋਧ ਵਿੱਚ ਅੱਜ ਕਿਸਾਨ ਜੱਥੇਬੰਦੀਆਂ ਨੇ ਨੇਸ਼ਨਲ ਹਾਈਵੇ ਜਾਮ ਕੀਤਾ।ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਕੀਮਤ ਤੇ ਵੀ ਇਹਨਾਂ ਕਿਸਾਨ ਮਾਰੂ ਤਿੰਨਾਂ ਆਰਡਿਨੇਂਸਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਵੱਖ – ਵੱਖ ਯੂਨੀਅਨਾਂ ਵਲੋਂ ਫਾਜਿਲਕਾ ਅਬੋਹਰ ਰੋਡ ਤੇ ਪੈਂਦੇ ਨੇਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ।
ਇਸ ਵਿੱਚ ਕਿਸਾਨ ਯੂਨੀਅਨ , ਆੜਤੀ ਯੂਨੀਅਨ , ਮਜਦੂਰ ਯੂਨੀਅਨ , ਤੁਲਾਈ ਯੂਨੀਅਨ , ਦੋਧੀ ਯੂਨੀਅਨ , ਅਤੇ ਬੇਰੋਜਗਾਰ ਅਧਿਆਪਕ ਯੂਨੀਅਨ ਸਮੇਤ ਕਈ ਯੂਨਿਅਨਾਂ ਦੇ ਮੈਂਬਰ ਅਤੇ ਜਿਲ੍ਹੇ ਭਰ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਰੋਸ ਪਰਦਰਸ਼ਨ ਕਰ ਨਾਅਰੇਬਾਜ਼ੀ ਕੀਤੀ ਗਈ।
