*ਖੇਤੀਬਾੜੀ ਵਿਭਾਗ ਦੁਆਰਾ ਕੀੜੇਮਾਰ ਦਵਾਈ ਡੀਲਰਾਂ ਨਾਲ ਕੀਤੀ ਮੀਟਿੰਗ*

0
18

ਮਾਨਸਾ, 06 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ/ਬਲਜੀਤ ਸ਼ਰਮਾ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਮੁੱਖ ਖੇਤੀਬਾੜੀ ਡਾ: ਮਨਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਬਲਾਕਾਂ ਦੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ।   ਮੀਟਿੰਗ ਦੌਰਾਨ ਗੁਲਾਬੀ ਸੁੰਡੀ ਦੇ ਨਰਮੇ ਦੀ ਫਸਲ ’ਤੇ ਹੋਏ ਹਮਲੇ ਸਬੰਧੀ ਜਰੂਰੀ ਨੁਕਤਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।  ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅਤੇ ਬਠਿੰਡਾ ਦੇ ਕਈ ਪਿੰਡਾਂ ਵਿੱਚ ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ ਹੈ ਅਤੇ ਵਿਭਾਗ ਵੱਲੋਂ ਲਗਾਤਾਰ ਕਿਸਾਨ ਸਿਖਲਾਈ ਕੈਂਪ ਲਾ ਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਪੀ.ਏ.ਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਤੋਂ ਜਾਣੂ ਕਰਵਾਉਂਦਿਆਂ ਲਗਾਤਾਰ ਫਸਲਾਂ ਦੀ ਨਿਰੀਖਣ ਵੀ ਕੀਤਾ ਜਾ ਰਿਹਾ ਹੈ।  ਉਨ੍ਹਾਂ ਮੀਟਿੰਗ ਵਿੱਚ ਹਾਜਰ ਡੀਲਰਾਂ ਨੂੰ ਹਦਾਇਤ ਕੀਤੀ ਕਿ ਦਵਾਈ ਖਰੀਦਣ ਸਮੇਂ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਦਵਾਈ ਦੀ ਖਰੀਦ ਤੋਂ ਪਹਿਲਾਂ ਆਪਣੇ ਖੇਤ ਦਾ ਸਰਵੇ ਜ਼ਰੂਰ ਕਰ ਲਿਆ ਜਾਵੇ ਅਤੇ ਸਰਵੇ ਦੌਰਾਨ ਆਪਣੇ ਖੇਤ ਵਿੱਚ ਅਲੱਗ-ਅਲੱਗ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕੀਤੀ ਜਾਵੇ, ਜੇਕਰ 5 ਜਾਂ 5 ਤੋਂ ਜਿਆਦਾ ਫੁੱਲਾਂ ਵਿੱਚ ਗੁਲਾਬੀ ਸੁੰਡੀ ਪਾਈ ਜਾਂਦੀ ਹੈ, ਤਾਂ ਹੀ ਸਪਰੇਅ ਕੀਤਾ ਜਾਵੇ ਜਾਂ ਫਿਰ ਆਪਣੇ ਖੇਤ ਵਿੱਚੋਂ 20 ਹਰੇ ਟੀਂਡੇ ਤੋੜ ਕੇ ਵੇਖਿਆ ਜਾਵੇ ਅਤੇ ਜੇਕਰ 2 ਜਾਂ 3 ਤੋਂ ਜ਼ਿਆਦਾ ਸੁੰਡੀਆਂ ਮਿਲਦੀਆਂ ਹਨ, ਤਾਂ ਹੀ ਸਪਰੇਅ ਕੀਤੀ ਜਾਵੇ।  ਉਨ੍ਹਾਂ ਦੱਸਿਆ ਕਿ ਜੇਕਰ ਨਰਮੇ ਦੀ ਫਸਲ 70 ਤੋਂ 120 ਦਿਨਾਂ ਦੀ ਹੈ ਅਤੇ ਫੁੱਲਾਂ ਜਾਂ ਟੀਂਡਿਆਂ ’ਤੇ ਹਮਲਾ 5 ਫ਼ੀਸਦੀ ਤੋਂ ਜ਼ਿਆਦਾ ਹੈ ਤਾਂ ਸਿਰਫ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕੀੜੇਮਾਰ ਦਵਾਈਆਂ ਜਿਵੇਂ ਕਿ  500 ਐਮ.ਐਲ ਪ੍ਰੋਫੈਨੋਫਾਸ 50 ਫੀਸਦੀ ਈ.ਸੀ ਜਾਂ 200 ਐਮ.ਐਲ. ਇਡੌਕਸਾਕਾਰਬ 15 ਫੀਸਦੀ ਐਸ.ਸੀ. ਜਾਂ 250 ਗ੍ਰਾਮ ਥਾਇਓਡੀਕਾਰਬ 75 ਫੀਸਦੀ ਡਬਲਯੂ.ਪੀ. ਜਾਂ 40 ਐਮ.ਐਲ. ਫਲੂਬੈਂਡਾਮਾਈਡ 400 ਐਸ.ਸੀ ਜਾਂ 800 ਐਮ.ਐਲ. ਈਥੀਆਨ 50 ਫੀਸਦੀ ਈ.ਸੀ. ਦੀ 120-150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕੀਤੀ ਜਾਵੇ ਅਤੇ ਜੇਕਰ ਫਸਲ 120-150 ਦਿਨਾਂ ਦੀ ਹੈ ਤਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ 160 ਐਮ.ਐਲ. ਡੈਲਟਾਮੈਥਰਿਨ 2.8 ਫੀਸਦੀ ਈ.ਸੀ. ਜਾਂ 200 ਐਮ.ਐਲ. ਸਾਈਪਰਮੈਥਰਿਨ 10 ਫੀਸਦੀ ਈ.ਸੀ. ਜਾਂ 100 ਐਮ.ਐਲ. ਫੈਨਵਲਰੇਟ 20 ਫੀਸਦੀ ਈ.ਸੀ. ਜਾਂ 300 ਐਮ.ਐਲ. ਬੀਟਾਸਾਈਫਲੂਥਰੀਨ 0.25 ਐਸ.ਸੀ. ਦੀ 120-150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕੀਤੀ ਜਾਵੇ। ਇਸ ਤੋਂ ਇਲਾਵਾ ਉਕਤ ਵਿਚੋਂ ਕਿਸੇ ਇੱਕ ਟੈਕਨੀਕਲ ਦੀ ਹੀ ਸਪਰੇਅ ਕੀਤਾ ਜਾਵੇ ਅਤੇ ਇਨ੍ਹਾਂ ਸਪਰੇਆਂ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਕੀਟਨਾਸ਼ਕ/ਉੱਲੀਨਾਸਕ ਜਾਂ ਪੋਟਾਸ਼ੀਅਮ ਨਾਈਟੇ੍ਰਟ (13:0:45) ਨਾ ਮਿਲਾਈ ਜਾਵੇ।  ਇਸ ਤੋਂ ਇਲਾਵਾ ਮੀਟਿੰਗ ਦੌਰਾਨ ਡਾ. ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਮਾਨਸਾ ਵੱਲੋਂ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਅਤੇ ਹੋਰ ਤਕਨੀਕੀ ਪਹਿਲੂਆਂ ਬਾਰੇ ਸਮੂਹ ਹਾਜਰ ਡੀਲਰਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਰਿੰਦਰ ਕੁਮਾਰ, ਸੁਭਾਸ ਚੰਦ, ਲਛਮਣ ਸਿੰਘ, ਸਾਗਰ ਗਰਗ, ਤਰਸੇਮ ਮਿੱਡਾ, ਪ੍ਰੇਮ ਚੰਦ, ਭੀਮ ਸੈਨ, ਲਾਜਪਤ ਰਾਏ ਅਤੇ ਜਗਜੀਤ ਸਿੰਘ ਆਦਿ ਡੀਲਰ ਹਾਜ਼ਰ ਸਨ।  

NO COMMENTS