
ਮਾਨਸਾ, 21 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਬਲਾਕ ਮਾਨਸਾ ਦੇ ਪਿੰਡ ਤਾਮਕੋਟ, ਠੂਠਿਆਂਵਾਲੀ, ਮੂਸਾ, ਦੂਲੋਵਾਲ, ਘਰਾਂਗਣਾ ਅਤੇ ਭੈਣੀਬਾਘਾ ਵਿਖੇ ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪ੍ਰੀਤ ਪਾਲ ਕੌਰ ਵੱਲੋਂ ਬਣਾਈ ਗਈ ਬਲਾਕ ਪੱਧਰੀ ਟੀਮ ਵੱਲੋਂ ਸਰਵੇਖਣ ਕੀਤਾ ਗਿਆ।
ਖੇਤੀਬਾੜੀ ਵਿਕਾਸ ਅਫ਼ਸਰ ਡਾ.ਹਰਮਨਦੀਪ ਸਿੰਘ ਨੇ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਕਿਤੇ ਕਿਤੇ ਵੇਖਣ ਵਿੱਚ ਆਇਆ ਹੈ, ਇਸ ਹਮਲੇ ਕਾਰਨ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਤਣੇ ਦੀ ਗਲਾਬੀ ਸੁੰਡੀ ਛੋਟੇ ਬੂਟਿਆਂ ਦੇ ਤਣਿਆਂ ’ਚ ਮੋਰੀਆਂ ਕਰਕੇ ਅੰਦਰ ਚਲੀ ਜਾਂਦੀ ਹੈ, ਜਿਸ ਕਰਕੇ ਬੂਟੇ ਪੀਲੇ ਪੈਣ ਮਗਰੋਂ ਸੁੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਿਨ ਸਮੇਂ ਪਾਣੀ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦੇ ਹਮਲੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਣ।
ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਬਲਾਕ ਮਾਨਸਾ ਵੱਲੋਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕੀੜੇਮਾਰ ਦਵਾਈਆਂ ਜਿਵੇਂ ਕਿ ਕੋਰਾਜਨ, ਕਲੋਰੋਪੈਰੀਫੋਸ, ਫੀਪਰੋਨਿਲ ਆਦਿ ਦੀ ਸਪਰੇਅ ਕਰਨ ਸਬੰਧੀ ਸਲਾਹ ਦਿੱਤੀ ਗਈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ.ਏ.ਪੀ. ਖਾਦ ਦੇ ਬਦਲ ਵਜੋਂ ਪੀ.ਏ.ਯੂ ਲੁਧਿਆਣਾ ਵੱਲੋਂ ਸ਼ਿਫਾਰਿਸ਼ ਹੋਰ ਵੀ ਫਾਸਫੇਟਿਕ ਖਾਦਾਂ (ਸਿੰਗਲ ਸੁਪਰ ਫਾਸਫੇਟ, 20:20:13, ਟਰਿਪਲ ਸੁਪਰ ਫਾਸਫੇਟ) ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਇੰਨ੍ਹਾਂ ਖਾਦਾਂ ਦੀ ਵਰਤੋ ਕਰਕੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ।
ਇਸ ਮੌਕੇ ਸ੍ਰੀ ਗੁਰਬਖਸ ਸਿੰਘ,ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਧਰਮਪਾਲ ਸਿੰਘ ਖੇਤੀਬਾੜੀ ਉਪ ਨਿਰੀਖਕ ਵੀ ਮੌਜੂਦ ਸਨ।
