ਮਾਨਸਾ, 28 ਅਗਸਤ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਮਾਨਸਾ ਦੀ ਟੀਮ ਵੱਲੋਂ ਪਿੰਡ ਠੂਠਿਆਂਵਾਲੀ ਵਿੱਚ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਟੀਮ ਵਿੱਚ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਅਤੇ ਸ੍ਰੀ ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਸ਼ਾਮਲ ਸਨ। ਟੀਮ ਵੱਲੋਂ ਪਿੰਡ ਠੂਠਿਆਂਵਾਲੀ ਵਿਖੇ ਨਰਮੇ ਦੇ ਵੱਖ-ਵੱਖ ਖੇਤਾਂ ਦੇ ਨਿਰੀਖਣ ਦੌਰਾਨ ਪਾਇਆ ਗਿਆ ਕਿ ਖੇਤਾਂ ਵਿੱਚ ਕਿਸੇ ਵੀ ਕੀੜੇ ਮਕੌੜੇ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਨਹੀ ਹੈ ਅਤੇ ਨਾ ਹੀ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ।
ਇਸ ਉਪਰੰਤ ਟੀਮ ਵੱਲੋਂ ਪਿੰਡ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 30 ਕਿਸਾਨਾਂ ਨੇ ਭਾਗ ਲਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਇਹ ਪੰਦਰਵਾੜਾ ਨਰਮੇ ਦੀ ਫਸਲ ਲਈ ਬਹੁਤ ਅਹਿਮ ਹੈ ਅਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਦਾ ਹਰ ਰੋਜ ਨਿਰੀਖਣ ਕਰਨ ਤਾਂ ਜੋ ਕਿਸੇ ਤਰ੍ਹਾ ਦੇ ਕੀੜੇ-ਮਕੌੜੇ ਖਾਸ ਕਰਕੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ, ਚਿੱਟੀ ਮੱਖੀ ਅਤੇ ਹਰੇ ਤੇਲੇ ਦੇ ਈ.ਟੀ.ਐਲ (Economic Threshold Level ) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਮਲਾ ਈ.ਟੀ.ਐਲ ਤੋਂ ਵੱਧ ਹੋਣ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਸਿਫਾਰਸ਼ਸੁਦਾ ਕੀੜੇਮਾਰ ਦਵਾਈਆਂ ਦੀ ਸਪਰੇਅ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਨਰਮੇ ਦੀ ਪਹਿਲੀ ਚੁਗਾਈ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਲਈ ਉਨ੍ਹਾਂ ਕਿਸਾਨਾਂ ਨੂੰ ਨਰਮੇ ਦੀ ਚੁਗਾਈ ਅਤੇ ਰੱਖ-ਰਖਾਵ ਸਬੰਧੀ ਜਾਣਕਾਰੀ ਦਿੱਤੀ ਤਾਂ ਜ਼ੋ ਚੰਗੀ ਕੁਆਲਟੀ ਦਾ ਨਰਮਾ ਪ੍ਰਾਪਤ ਕਰਕੇ ਵਧੀਆਂ ਮੁੱਲ ਪ੍ਰਾਪਤ ਕੀਤਾ ਜਾ ਸਕੇ। ਸ੍ਰੀ ਮਨਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਵੱਲੋਂ ਕਿਸਾਨਾਂ ਨੂੰ 15 ਸਤੰਬਰ ਤੋਂ ਬਾਅਦ ਸੰਥੈਟਿਕ ਪਰਿਥਰਾਇਡ ਦਵਾਈਆਂ ਦੀ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਪਿੰਡ ਠੂਠਿਆਵਾਲੀ ਦੇ ਕਿਸਾਨ ਸੁਪਰਵਾਈਜਰ ਸ੍ਰੀ ਮੰਗੂ ਸਿੰਘ ਅਤੇ ਕਿਸਾਨ ਮਿੱਤਰ ਸ੍ਰੀ ਹਰਭਜਨ ਸਿੰਘ ਹਾਜਰ ਸਨ।