
ਮਾਨਸਾ, 22 ਜੂਨ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਨਰਮੇ ਦੀ ਫਸਲ ‘ਤੇ ਜੇਕਰ ਗੁਲਾਬੀ ਸੁੰਡੀ ਦੇ ਹਮਲੇ ਦਾ ਖਦਸ਼ਾ ਹੁੰਦਾ ਹੈ ਤਾਂ ਕਿਸਾਨ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਅਨੁਸਾਰ ਗੁਲਾਬੀ ਸੁੰਡੀ ਦੀ ਰੋਕਥਾਮ ਕਰਨ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ ਪੰਜਾਬ ਸ੍ਰ ਗੁਰਮੀਤ ਸਿੰਘ ਖੁਡੀਆਂ ਨੇ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਮਾਨਖੇੜਾ ਤੇ ਖੈਰਾ ਕਲਾਂ ਵਿਚ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਮੌਜੂਦ ਸਨ। ਸ੍ਰ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਸਰਕਾਰ ਦਾ ਮੰਤਵ ਤਰਜੀਹੀ ਆਧਾਰ ‘ਤੇ ਖੇਤੀ ਨੂੰ ਪ੍ਰਫੁੱਲਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦੀ ਖੁਸ਼ਹਾਲੀ ਲਈ ਉਹ ਸਦਾ ਯਤਨਸ਼ੀਲ ਰਹਿਣਗੇ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਵਿਚ ਕੀਤੇ ਨਿਰੀਖਣ ਦੌਰਾਨ ਕੀੜਿਆਂ ਦੀ ਤਾਦਾਦ ਆਰਥਿਕ ਪੱਧਰ ਤੋਂ ਹੇਠਾਂ ਹੀ ਪਾਈ ਗਈ ਹੈ। ਉਨ੍ਹਾਂ ਇਸ ਮੌਕੇ ‘ਤੇ ਹਾਜ਼ਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪ ਵੀ ਖੇਤਾਂ ਵਿਚ ਜਾ ਕੇ ਮੌਕਾ ਵੇਖਣ। ਕਿਸਾਨਾਂ ਨੂੰ ਕਾਰਗਰ ਦਵਾਈਆਂ ਦੀ ਸਿਫਾਰਸ਼ ਕਰਨ ਅਤੇ ਡੀਲਰਾਂ ਨੂੰ ਵੀ ਚੰਗੀਆਂ ਦਵਾਈਆਂ ਹੀ ਸਪਲਾਈ ਕਰਨ ਲਈ ਕਿਹਾ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਦੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਸਰਕਾਰ ਦੀਆਂ ਯੋਜਨਾਵਾਂ ਨੂੰ ਹਲਕੇ ਵਿੱਚ ਲਾਗੂ ਕਰਵਾਉਣਗੇ। ਸੰਯੁਕਤ ਡਾਇਰੈਕਟਰ ਸ੍ਰੀ ਜਗਦੀਸ਼ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਸੱਤਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।ਜੇਕਰ ਕਿਸੇ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਆਵੇ ਤਾਂ ਵਿਭਾਗ ਨਾਲ ਤਾਲਮੇਲ ਕਰ ਸਕਦਾ ਹੈ। ਇਸ ਮੌਕੇ ਕਿਸਾਨਾਂ ਤੋ ਇਲਾਵਾ ਡਾ ਗੁਰਦੀਪ ਸਿੰਘ, ਡਾਈਰੈਕਟਰ ਕੇ ਵੀ ਕੇ ਮਾਨਸਾ ਸ਼੍ਰੀ ਮਨੋਜ ਕੁਮਾਰ,ਖੇਤੀਬਾੜੀ ਵਿਕਾਸ ਅਫਸਰ,ਡਾ. ਗੁਰਿੰਦਰਜੀਤ ਸਿੰਘ, ਸ਼੍ਰੀ ਸੁਖਜਿੰਦਰ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ ਅਤੇ ਡੀ.ਪੀ.ਡੀ. ਆਤਮਾ ਚਮਨਦੀਪ ਸਿੰਘ ਅਤੇ ਵਿਭਾਗ ਦੇ ਸਮੂਹ ਕਰਮਚਾਰੀ ਹਾਜਰ ਸਨ ।
