ਮਾਨਸਾ, 19 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਸਮੂਹ ਖੇਤੀਬਾੜੀ ਸਟਾਫ਼ ਨੂੰ ਕੋਰੋਨਾ ਵਾਇਰਸ ਤੋਂ ਜਾਣੂ ਕਰਵਾਉਣ ਅਤੇ ਇਸ ਤੋਂ ਬਚਾਅ ਕਰਨ ਸਬੰਧੀ ਟਰੇਨਿੰਗ ਦਿੱਤੀ ਗਈ। ਟਰੇਨਿੰਗ ਵਿੱਚ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਉਪ ਨਿਰੀਖਕ, ਅੰਕੜਾ ਸ਼ਾਖਾ, ਇੰਜੀਨੀਅਰ ਸ਼ਾਖਾ ਅਤੇ ਮਨੀਸਟਰੀਅਲ ਸ਼ਾਖਾ ਨੇ ਭਾਗ ਲਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰਾਮ ਸਰੂਪ ਨੇ ਸਮੂਹ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਕਰੋਨਾ ਵਾਇਰਸ ਦਾ ਹਮਲਾ ਹੋ ਰਿਹਾ ਹੈ। ਇਸ ਲਈ ਆਪਣੇ ਆਪਣੇ ਦਫ਼ਤਰ ਵਿੱਚ ਸਿਹਤ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਸੈਨੀਟਾਈਜੇਸ਼ਨ ਦੇ ਢੁਕਵੇ ਪ੍ਰਬੰਧ ਕੀਤੇ ਜਾਣ। ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਨਿਯੁਕਤ ਕੀਤੇ ਗਏ ਨੋਡਲ ਅਫਸਰ ਡਾ: ਜਰਮਨਜੋਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਸਮੂਹ ਸਟਾਫ ਨੂੰ ਕਰੋਨਾ ਵਾਇਰਸ, ਇਸ ਦੇ ਲੱਛਣ ਅਤੇ ਸਾਵਧਾਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਵਿਅਕਤੀ ਵਿਚ ਸੁੱਕੀ ਖੰਘ, ਜੁਕਾਮ, ਤੇਜ਼ ਬੁਖਾਰ ਅਤੇ ਸਰੀਰ ਦਾ ਟੁੱਟਣਾ ਆਦਿ ਲੱਛਣ ਪਾਏ ਜਾਂਦੇ ਹਨ। ਸਾਵਧਾਨੀਆਂ ਵਿੱਚ ਉਨ੍ਹਾਂ ਦੱਸਿਆ ਕਿ ਸਾਨੂੰ ਇਕੱਠ ਵਿੱਚ ਜਾਣ ਤੋਂ ਗੁਰੇਜ਼, ਇਕ ਦੂਜੇ ਤੋਂ 1 ਮੀਟਰ ਦੀ ਦੂਰੀ ਬਣਾਈ ਰੱਖਣਾ, ਹੱਥਾਂ ਨੂੰ ਚੰਗੀ ਤਰ੍ਹਾ ਧੋਣਾ, ਹੱਥ ਨਾ ਮਿਲਾਉਣਾ ਅਤੇ ਆਪਣੇ ਹੱਥਾਂ ਨੂੰ ਮੂੰਹ, ਨੱਕ ਅਤੇ ਅੱਖਾਂ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਕਿ ਇਹ ਵਾਇਰਸ ਇਹਨਾਂ ਰਾਹੀ ਹੀ ਸਰੀਰ ਵਿੱਚ ਦਾਖਲ ਹੁੰਦਾ ਹੈ।
ਬਲਾਕ ਖੇਤੀਬਾੜੀ ਅਫ਼ਸਰ, ਮਾਨਸਾ ਡਾ. ਸੁਰੇਸ਼ ਕੁਮਾਰ ਨੇ ਸਮੂਹ ਸਟਾਫ ਨੂੰ ਕਰੋਨਾ ਵਾਇਰਸ ਦੀ ਬੀਮਾਰੀ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਅਤੇ ਇਸ ਬੀਮਾਰੀ ਤੋਂ ਬਚਣ ਲਈ ਆਪਣੇ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਜਾਣਕਾਰੀ ਦੇਣ ਲਈ ਕਿਹਾ।