
ਮਾਨਸਾ, 27 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ—ਨਿਰਦੇਸਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕਿਸਾਨ—ਸਾਇੰਸਦਾਨ ਮਿਲਣੀ ਕਰਵਾਈ ਗਈ।ਇਸ ਮਿਲਣੀ ਵਿੱਚ 120 ਦੇ ਕਰੀਬ ਕਿਸਾਨਾਂ ਵੱਲੋਂ ਭਾਗ ਲਿਆ ਗਿਆ।ਇਸ ਸੈਮੀਨਾਰ ਵਿੱਚ ਵੱਖ—ਵੱਖ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵੱਖ—ਵੱਖ ਵਿਗਿਆਨੀਆਂ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਢੁੱਕਵੇ ਜਵਾਬ ਦਿੱਤੇ ਗਏ।ਡਾ. ਮਨਜੀਤ ਸਿੰਘ ਵੱਲੋਂ ਹਾਜਰ ਹੋਏ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਿਫ਼ਾਰਸ ਅਨੁਸਾਰ ਖੇਤੀ ਕਰਨ ਦੀ ਸਲਾਹ ਦਿੱਤੀ ਗਈ।ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ, ਤਾਂ ਜੋ ਭੂਮੀ ਦੀ ਸਿਹਤ ਨੂੰ ਬਰਕਰਾਰ ਰੱਖਦੇ ਹੋਏ ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋਂ ਬਚਾਇਆ ਜਾ ਸਕਦੇ। ਇਸ ਮੌਕੇ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ, ਆਤਮਾ ਵੱਲੋਂ ਆਤਮਾ ਸਕੀਮ ਅਧੀਨ ਚੱਲ ਰਹੀਆਂ ਵੱਖ—ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।ਵਿਸ਼ਾ—ਵਸਤੂ ਮਾਹਿਤ ਝੁਨੀਰ ਡਾ: ਸੁਰੇਸ ਕੁਮਾਰ ਵੱਲੋਂ ਨਰਮੇ ਦੀ ਫਸਲ ਸਬੰਧੀ ਜ਼ਰੂਰੀ ਨੁਕਤੇ ਕਿਸਾਨ ਮਿੱਤਰਾਂ ਨਾਲ ਸਾਂਝੇ ਕੀਤੇ ਗਏ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਨਰਮੇ ਦੀ ਫਸਲ ਅਤੇ ਝੋਨੇ ਦੀ ਫਸਲ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਫਸਲ ਦੀ ਸਟੇਜ ਅਨੁਸਾਰ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰੇਟ (13:00:45) ਦੀਆਂ 4 ਸਪਰੇਆਂ ਇੱਕ ਹਫਤੇ ਦੇ ਵਕਫੇ *ਤੇ ਕੀਤੀਆਂ ਜਾਣ, ਤਾਂ ਜੋ ਫਸਲ ਦਾ ਝਾੜ ਵਧਾਇਆ ਜਾ ਸਕੇ।ਸਹਿਯੋਗ ਨਿਰਦੇਸ਼ਕ ਕ੍ਰਿਸ਼ੀ ਵਿਗਆਨ ਕੇਂਦਰ ਡਾ. ਗੁਰਦੀਪ ਸਿੰਘ ਵੱਲੋਂ ਆਪਣੇ ਵਿਭਾਗ ਅੰਦਰ ਚੱਲ ਰਹੀਆਂ ਵੱਖ—ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਲੀਨ ਕੌਰ ਧਾਲੀਵਾਲ ਵੱਲੋਂ ਹਾਜ਼ਰ ਕਿਸਾਨ ਮਿੱਤਰਾਂ ਨੂੰ ਨਰਮੇ ਦੀ ਫਸਲ ਵਿੱਚ ਕੀੜੇ ਮਕੌੜਿਆਂ ਜਿਵੇਂ ਕਿ ਗੁਲਾਬੀ ਸੁੰਡੀ, ਚਿੱਟੀ ਮੱਖੀ, ਹਰਾ ਤੇਲਾ ਆਦਿ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਫਸਲ ਦੀਆਂ ਬਿਮਾਰੀਆਂ ਦੀਆਂ ਮੁੱਢਲੀਆਂ ਨਿਸ਼ਾਨੀਆਂ ਅਤੇ ਰੋਕਥਾਮ ਸਬੰਧੀ ਢੁੱਕਵੇ ਹੱਲਾਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਸਾਨ ਮਿੱਤਰਾਂ ਨੂੰ ਇਹ ਵੀ ਕਿਹਾ ਕਿ ਫਸਲਾਂ ਦਾ ਨਿਰੰਤਰ ਨਿਰੀਖਣ ਕੀਤਾ ਜਾਣਾ ਬਹੁਤ ਜਰੂਰੀ ਹੈ, ਤਾਂ ਜੋ ਸਮੇਂ ਸਿਰ ਕੀੜੇ—ਮਕੌੜਿਆਂ ਜਾਂ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕੇ। ਖੇਤੀਬਾੜੀ ਵਿਭਾਗ ਦੇ ਸਹਿਯੋਗੀ ਵਿਭਾਗ ਬਾਗਬਾਨੀ ਦੇ ਅਧਿਕਾਰੀ ਡਾ. ਕੁਲਦੀਪ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਆਪਣੇ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਸੀਨੀਅਰ ਮੱਛੀ ਪਾਲਣ ਅਫ਼ਸਰ ਦੀਪਨਜੋਤ ਕੌਰ ਵੱਲੋਂ ਵੀ ਸੈਮੀਨਾਰ ਵਿੱਚ ਮੱਛੀ ਪਾਲਣ ਦੇ ਕਿੱਤੇ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ, ਤਾਂ ਜੋ ਕਿਸਾਨ ਖੇਤੀ ਦੇ ਨਾਲ—ਨਾਲ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਇਸ ਮੌਕੇ ਡਾ: ਜਸਵਿੰਦਰ ਸਿੰਘ ਸਹਾਇਕ ਪ੍ਰੋਜੈਕਟ ਅਫਸਰ (ਰ) ਬੁਢਲਾਡਾ, ਡਾ: ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਲੈਬ), ਮਾਨਸਾ, ਡਾ: ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਮਾਨਸਾ, ਡਾ: ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਮਾਨਸਾ, ਡਾ: ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਸਰਦੂਲਗੜ੍ਹ, ਸ੍ਰੀ ਅਮਨਦੀਪ ਸਿੰਘ, ਬੀ.ਟੀ.ਐਮ, ਸ੍ਰੀ ਬੁਢਲਾਡਾ, ਸ੍ਰੀ ਪਰਾਗਦੀਪ ਸਿੰਘ, ਬੀ.ਟੀ.ਐਮ. ਮਾਨਸਾ, ਸ੍ਰੀ ਅਮਰਿੰਦਰ ਸਿੰਘ, ਬੀ.ਟੀ.ਐਮ. ਸਰਦੂਲਗੜ੍ਹ, ਸ੍ਰੀਮਤੀ ਸੁਮਨਦੀਪ, ਬੀ.ਟੀ.ਐਮ., ਸ੍ਰੀ ਮਨਪ੍ਰੀਤ ਸਿੰਘ, ਏ.ਐਸ.ਆਈ., ਸ੍ਰੀ ਹਰਚੇਤ ਸਿੰਘ, ਏ.ਐਸ.ਆਈ, ਸ੍ਰੀ ਗੁਰਬਖਸ ਸਿੰਘ, ਏ.ਐਸ.ਆਈ. ਆਦਿ ਅਧਿਕਾਰੀ/ਕਰਮਚਾਰੀ, ਕਿਸਾਨ ਮਿੱਤਰ ਅਤੇ ਅਗਾਂਹਵਧੂ ਕਿਸਾਨ ਹਾਜਰ ਸਨ।
